Skip to main content

ਸਟ੍ਰੋਕ ਅਤੇ TIAs

ਸਟ੍ਰੋਕ ਕੀ ਹੁੰਦਾ ਹੈ?

ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਨੂੰ ਖੂਨ ਦੀ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ। ਨਤੀਜੇ ਵਜੋਂ, ਦਿਮਾਗ ਦੇ ਸੈੱਲਾਂ ਨੂੰ ਆਕਸੀਜਨ ਘੱਟ ਮਿਲਦੀ ਹੈ ਅਤੇ ਲੋੜੀਂਦੇ ਪੌਸ਼ਕ ਤੱਤ ਘੱਟ ਮਿਲਦੇ ਹਨ। ਇਸ ਨਾਲ ਤੁਹਾਡੇ ਦਿਮਾਗ ਦੇ ਕੁਝ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਾਂ ਇਹ ਨਸ਼ਟ ਵੀ ਹੋ ਸਕਦੇ ਹਨ, ਜਿਸ ਕਰਕੇ ਇਸ ਗੱਲ ‘ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਪ੍ਰਭਾਵ ਹੁੰਦੇ ਹਨ ਕਿ ਇਹ ਤੁਹਾਡੇ ਦਿਮਾਗ ਵਿੱਚ ਕਿੱਥੇ ਹੋਇਆ ਹੈ।
ਸਟ੍ਰੋਕ ਦੋ ਤਰ੍ਹਾਂ ਦਾ ਹੁੰਦਾ ਹੈ:

  • ਇਸਕੀਮਿਕ ਸਟ੍ਰੋਕ – ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਇੱਕ ਜਾਂ ਵੱਧ ਧਮਣੀਆਂ ਵਿੱਚ ਖੂਨ ਦੇ ਥੱਕੇ ਨਾਲ ਰੁਕਾਵਟ ਆ ਜਾਂਦੀ ਹੈ। ਹਰ 100 ਸਟ੍ਰੋਕਾਂ ਵਿੱਚੋਂ ਤਕਰੀਬਨ 85 ਇਸਕੀਮਿਕ ਹੁੰਦੇ ਹਨ।
  • ਹੈਮੋਰੇਜਿਕ ਸਟ੍ਰੋਕ – ਦਿਮਾਗ ਦੇ ਆਲੇ ਦੁਆਲੇ ਇੱਕ ਜਾਂ ਇੱਕ ਤੋਂ ਵੱਧ ਖੂਨ ਦੀਆਂ ਨਾੜੀਆਂ ਫਟ ਜਾਂਦੀਆਂ ਹਨ, ਜਿਸ ਕਰਕੇ ਖੂਨ ਦਾ ਰਿਸਾਅ ਹੁੰਦਾ ਹੈ। ਹਰ 100 ਸਟ੍ਰੋਕਾਂ ਵਿੱਚੋਂ ਤਕਰੀਬਨ 15 ਇਸਕੀਮਿਕ ਹੁੰਦੇ ਹਨ।

ਸਟ੍ਰੋਕ ਅਕਸਰ ਬੁਢਾਪੇ ਨਾਲ ਜੁੜਿਆ ਹੁੰਦਾ ਹੈ, ਪਰ ਬਹੁਤ ਸਾਰੇ ਨੌਜਵਾਨ ਵੀ ਸਟ੍ਰੋਕ ਤੋਂ ਪ੍ਰਭਾਵਤ ਹੁੰਦੇ ਹਨ। ਦਰਅਸਲ, ਸਟ੍ਰੋਕ ਪੀੜਤ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ। ਸਟ੍ਰੋਕ ਹੋਣ ਵਾਲੇ 4 ਵਿਅਕਤੀਆਂ ਵਿੱਚੋਂ ਤਕਰੀਬਨ 1 ਵਿਅਕਤੀ, ਹੁਣ 65 ਸਾਲ ਤੋਂ ਘੱਟ ਉਮਰ ਦਾ ਹੁੰਦਾ ਹੈ।

TIA ਕੀ ਹੁੰਦਾ ਹੈ?

ਟ੍ਰਾਂਜ਼ੀਐਂਟ ਇਸਕੀਮਿਕ ਅਟੈਕ (ਜਿਸ ਨੂੰ TIA ਜਾਂ ਮਿੰਨੀ-ਸਟ੍ਰੋਕ ਵੀ ਕਿਹਾ ਜਾਂਦਾ ਹੈ) ਸਟ੍ਰੋਕ ਵਾਂਗ ਹੀ ਹੁੰਦਾ ਹੈ, ਪਰ ਖੂਨ ਦੀ ਸਪਲਾਈ ਵਿੱਚ ਸਿਰਫ਼ ਥੋੜ੍ਹੇ ਸਮੇਂ ਲਈ ਹੀ ਰੁਕਾਵਟ ਆਉਂਦੀ ਹੈ, ਅਤੇ ਆਮ ਤੌਰ ‘ਤੇ ਪੂਰੀ ਤਰ੍ਹਾਂ ਰੁਕਾਵਟ ਨਹੀਂ ਆਉਂਦੀ। ਲੱਛਣ ਆਮ ਤੌਰ ‘ਤੇ 24 ਘੰਟਿਆਂ ਤੋਂ ਘੱਟ ਸਮੇਂ ਵਿੱਚ ਖਤਮ ਹੋ ਜਾਂਦੇ ਹਨ।

ਹਾਲਾਂਕਿ ਇਸਦੇ ਲੱਛਣ ਲੰਬੇ ਸਮੇਂ ਤਕ ਨਹੀਂ ਰਹਿੰਦੇ, ਪਰ TIA ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਹ ਤੁਹਾਡੇ ਦਿਮਾਗ ਵਿੱਚ ਖੂਨ ਦੇ ਗੇੜ ਵਿੱਚ ਵਧੇਰੇ ਗੰਭੀਰ ਸਮੱਸਿਆ ਦੀ ਨਿਸ਼ਾਨੀ ਹੈ। ਇਹ ਮਹੱਤਵਪੂਰਨ ਹੈ ਕਿ TIA ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਭਾਵੇਂ ਇਹ ਹਲਕੇ ਕਿਉਂ ਨਾ ਹੋਣ ਅਤੇ ਛੇਤੀ ਠੀਕ ਹੋ ਜਾਣ – ਤੁਹਾਨੂੰ ਨੇੜਲੇ ਭਵਿੱਖ ਵਿੱਚ ਵਧੇਰੇ ਗੰਭੀਰ ਸਟ੍ਰੋਕ ਹੋਣ ਦਾ ਖਤਰਾ ਹੋ ਸਕਦਾ ਹੈ। TIA ਹੋਣ ਦੇ ਇੱਕ ਹਫ਼ਤੇ ਦੇ ਅੰਦਰ 12 ਵਿੱਚੋਂ 1 ਤੋਂ ਵੱਧ ਵਿਅਕਤੀ ਨੂੰ ਪੂਰਾ ਸਟ੍ਰੋਕ ਹੋਵੇਗਾ।

TIAs ਬਾਰੇ ਹੋਰ ਜਾਣਨ ਲਈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹਨਾਂ ਦੀ ਪਛਾਣ (ਡਾਇਗਨੋਸਿਸ) ਅਤੇ ਇਲਾਜ ਕਿਵੇਂ ਕੀਤਾ ਜਾਂਦਾ ਹੈ, ਅਤੇ ਤੁਸੀਂ ਇੱਕ ਹੋਰ TIA ਜਾਂ ਸਟ੍ਰੋਕ ਹੋਣ ਦੇ ਆਪਣੇ ਜੋਖਮ ਨੂੰ ਘਟਾਉਣ ਲਈ ਕੀ ਕਰ ਸਕਦੇ ਹੋ, ਸਾਡੀ TIA ਲਈ ਜ਼ਰੂਰੀ ਗਾਈਡ ਦੇਖੋ: ਟ੍ਰਾਂਜ਼ੀਐਂਟ ਇਸਕੀਮਿਕ ਅਟੈਕ (PDF)ਪੂਰੀ ਕਹਾਣੀ ਪੜ੍ਹੋ

ਸਟ੍ਰੋਕ ਜਾਂ TIA ਦੇ ਸੰਕੇਤ ਅਤੇ ਲੱਛਣ ਕੀ ਹੁੰਦੇ ਹਨ?

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਾਂ ਕਿਸੇ ਹੋਰ ਨੂੰ ਸਟ੍ਰੋਕ ਜਾਂ TIA ਹੋ ਰਿਹਾ ਹੈ, ਤਾਂ ਤੁਰੰਤ 999 ‘ਤੇ ਫ਼ੋਨ ਕਰੋ ਅਤੇ ਐਂਬੂਲੈਂਸ ਦੀ ਮੰਗ ਕਰੋ।

ਸਟ੍ਰੋਕ ਅਤੇ TIAs ਦੇ ਸੰਕੇਤਾਂ ਅਤੇ ਲੱਛਣਾਂ ਵਿੱਚ ਇਹ ਸ਼ਾਮਲ ਹੁੰਦੇ ਹਨ:

  • ਅਚਾਨਕ ਕਮਜ਼ੋਰੀ ਜਾਂ ਸੁੰਨ ਹੋਣਾ, ਖਾਸ ਕਰਕੇ ਸਰੀਰ ਦਾ ਇੱਕ ਪਾਸਾ। ਇਹ ਚਿਹਰਾ, ਬਾਂਹ, ਲੱਤ, ਜਾਂ ਇਹਨਾਂ ਦਾ ਸੁਮੇਲ ਹੋ ਸਕਦਾ ਹੈ।
  • ਅੱਖ ਦੇ ਕੁਝ ਹਿੱਸੇ, ਇੱਕ ਅੱਖ ਜਾਂ ਦੋਵੇਂ ਅੱਖਾਂ ਵਿੱਚ ਅਚਾਨਕ ਨਜ਼ਰ ਦਾ ਧੁੰਦਲਾ ਜਾਂ ਕਮਜ਼ੋਰ ਹੋਣਾ।
  • ਅਚਾਨਕ ਉਲਝਣ, ਬੋਲਣ ਜਾਂ ਸਮਝਣ ਵਿੱਚ ਮੁਸ਼ਕਲ।
  • ਅਚਾਨਕ ਚੱਕਰ ਆਉਣਾ, ਸੰਤੁਲਨ ਗੁਆ ਬੈਠਣਾ ਜਾਂ ਤਾਲਮੇਲ ਦੀ ਕਮੀ।
  • ਬਿਨਾਂ ਕਿਸੇ ਕਾਰਨ ਦੇ ਅਚਾਨਕ ਗੰਭੀਰ ਸਿਰ ਦਰਦ।
  • ਚਿਹਰੇ ਦੇ ਹਾਵ-ਭਾਵ ਵਿੱਚ ਅਚਾਨਕ ਤਬਦੀਲੀ ਜਾਂ ਮੁਸਕਰਾਉਣ ਵਿੱਚ ਅਸਮਰੱਥਾ।

ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ। ਤੁਰੰਤ ਇਲਾਜ ਜ਼ਰੂਰੀ ਹੁੰਦਾ ਹੈ ਕਿਉਂਕਿ ਜਿੰਨੀ ਜਲਦੀ ਕੋਈ ਵਿਅਕਤੀ ਸਟ੍ਰੋਕ ਦਾ ਇਲਾਜ ਕਰਵਾ ਲੈਂਦਾ ਹੈ, ਨਤੀਜਾ ਓਨਾ ਹੀ ਵਧੀਆ ਰਹਿਣ ਦੀ ਸੰਭਾਵਨਾ ਹੁੰਦੀ ਹੈ।

ਸ਼ੁਰੂਆਤੀ ਪੜਾਵਾਂ ਵਿੱਚ ਇਹ ਦੱਸਣਾ ਸੰਭਵ ਨਹੀਂ ਹੁੰਦਾ ਕਿ ਕੀ ਤੁਹਾਨੂੰ ਸਟ੍ਰੋਕ ਹੋ ਰਿਹਾ ਹੈ ਜਾਂ TIA ਕਿਉਂਕਿ ਦੋਵਾਂ ਦੇ ਲੱਛਣ ਇੱਕੋ ਜਿਹੇ ਹੀ ਹੁੰਦੇ ਹਨ।

ਜੇ ਤੁਹਾਨੂੰ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਪਰ ਇਹਨਾਂ ਵਿੱਚੋਂ ਕੋਈ ਵੀ ਲੱਛਣ ਹਨ, ਤਾਂ 999 ‘ਤੇ ਕਾਲ ਕਰੋ ਅਤੇ ਐਂਬੂਲੈਂਸ ਦੀ ਮੰਗ ਕਰੋ।

ਸਟ੍ਰੋਕ ਹੋਣ ਤੋਂ ਬਾਅਦ ਕੀ ਹੁੰਦਾ ਹੈ?

ਜਦੋਂ ਤੁਹਾਨੂੰ ਸਟ੍ਰੋਕ ਹੋਇਆ ਹੋਵੇ, ਤਾਂ ਤੁਹਾਨੂੰ ਐਮਰਜੈਂਸੀ ਐਂਬੂਲੈਂਸ ਰਾਹੀਂ ਸਿੱਧਾ ਹਸਪਤਾਲ ਜਾਣਾ ਚਾਹੀਦਾ ਹੈ। ਤੁਹਾਨੂੰ ਆਮ ਤੌਰ ‘ਤੇ ਸਪੈਸ਼ਲਿਸਟ ਸਟ੍ਰੋਕ ਵਾਰਡ ਵਿੱਚ ਲਿਜਾਇਆ ਜਾਵੇਗਾ, ਪਰ ਹੋ ਸਕਦਾ ਹੈ ਕਿ ਤੁਹਾਨੂੰ ਪਹਿਲਾਂ A&E ਵਿਭਾਗ ਜਾਂ ਕਿਸੇ ਹੋਰ ਮੁਲਾਂਕਣ ਵਾਰਡ ਵਿੱਚ ਜਾਣ ਦੀ ਲੋੜ ਪਵੇ।

ਡਾਕਟਰ ਸ਼ੁਰੂ ਵਿੱਚ ਇਸ ਗੱਲ ਦੀ ਪੁਸ਼ਟੀ ਲਈ ਟੈਸਟ ਕਰਵਾਉਣਗੇ ਕਿ ਤੁਹਾਨੂੰ ਕਿਸ ਕਿਸਮ ਦਾ ਸਟ੍ਰੋਕ ਹੋਇਆ ਹੈ। ਇਸ ਵਿੱਚ ਆਮ ਤੌਰ ‘ਤੇ ਜਾਂ ਤਾਂ CT ਸਕੈਨ ਜਾਂ ਫਿਰ MRI ਸਕੈਨ ਸ਼ਾਮਲ ਹੋਵੇਗਾ, ਜੋ ਇਹ ਨਿਰਧਾਰਤ ਕਰਨ ਵਿੱਚ ਮਦਦ ਕਰੇਗਾ ਕਿ ਕੀ ਤੁਹਾਡਾ ਸਟ੍ਰੋਕ ਖੂਨ ਦੇ ਕਿਸੇ ਗਤਲੇ ਕਰਕੇ ਹੋਇਆ ਸੀ ਜਾਂ ਖੂਨ ਦੇ ਰਿਸਾਅ ਕਰਕੇ।

ਤੁਹਾਡੇ ਸ਼ਾਇਦ ਹੋਰ ਟੈਸਟ ਵੀ ਕੀਤੇ ਜਾ ਸਕਦੇ ਹਨ, ਜਿਹਨਾਂ ਵਿੱਚ ਬਲੱਡ ਪ੍ਰੈਸ਼ਰ ਦੀ ਜਾਂਚ, ਖੂਨ ਦੇ ਟੈਸਟ, ਛਾਤੀ ਦੇ ਐਕਸ-ਰੇ ਅਤੇ ਇਲੈਕਟ੍ਰੋਕਾਰਡੀਓਗ੍ਰਾਮ (ECG) ਸ਼ਾਮਲ ਹਨ।

ਤੁਹਾਡੇ ਸਟ੍ਰੋਕ ਤੋਂ ਬਾਅਦ ਪਹਿਲੇ 48 ਘੰਟਿਆਂ ਵਿੱਚ, ਇਹ ਪਤਾ ਲਗਾਉਣ ਲਈ ਇੱਕ ਸ਼ੁਰੂਆਤੀ ਮੁਲਾਂਕਣ ਕੀਤਾ ਜਾਵੇਗਾ ਕਿ ਸਟ੍ਰੋਕ ਨੇ ਤੁਹਾਨੂੰ ਕਿਵੇਂ ਪ੍ਰਭਾਵਤ ਕੀਤਾ ਹੈ। ਇਸ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਇਹ ਯਕੀਨੀ ਬਣਾਉਣ ਲਈ ਨਿਗਲਣ ਸਬੰਧੀ ਟੈਸਟ ਕਿ ਤੁਹਾਡੇ ਲਈ ਆਮ ਤੌਰ ‘ਤੇ ਬਿਨਾਂ ਦਮ ਘੁੱਟੇ ਖਾਣਾ-ਪੀਣਾ ਸੁਰੱਖਿਅਤ ਹੈ
  • ਇਹ ਦੇਖਣ ਲਈ ਸਰੀਰਕ ਹਿਲਜੁਲ ਸਬੰਧੀ ਮੁਲਾਂਕਣ ਕਿ ਕੀ ਤੁਹਾਨੂੰ ਆਪਣੇ ਅੰਗਾਂ, ਹੱਥਾਂ ਅਤੇ ਪੈਰਾਂ ਨੂੰ ਹਿਲਾਉਣ ਵਿੱਚ ਮੁਸ਼ਕਲ ਆ ਰਹੀ ਹੈ
  • ਇਹ ਜਾਂਚ ਕਰਨ ਲਈ ਸੰਵਾਦ ਅਤੇ ਬੋਧਾਤਮਕ ਮੁਲਾਂਕਣ ਕਿ ਕੀ ਤੁਹਾਡੀ ਬੋਲੀ ਜਾਂ ਸਮਝ ਸਟ੍ਰੋਕ ਦੁਆਰਾ ਪ੍ਰਭਾਵਤ ਹੋਈ ਹੈ
  • ਇਹ ਯਕੀਨੀ ਬਣਾਉਣ ਲਈ ਦਬਾਅ ਸਬੰਧੀ ਖਤਰੇ ਦਾ ਮੁਲਾਂਕਣ ਕਿ ਤੁਹਾਨੂੰ ਦਬਾਅ ਕਰਕੇ ਹੋਣ ਵਾਲੇ ਜ਼ਖਮਾਂ ਦਾ ਖਤਰਾ ਤਾਂ ਨਹੀਂ ਹੈ
  • ਇਹ ਦੇਖਣ ਲਈ ਅਸੰਜਮ ਸਬੰਧੀ ਮੁਲਾਂਕਣ ਕਿ ਕੀ ਤੁਹਾਨੂੰ ਆਪਣੇ ਬਲੈਡਰ (ਮਸਾਨੇ) ਜਾਂ ਅੰਤੜੀਆਂ ਨੂੰ ਕੰਟ੍ਰੋਲ ਕਰਨ ਵਿੱਚ ਮੁਸ਼ਕਲਾਂ ਤਾਂ ਨਹੀਂ ਆ ਰਹੀਆਂ ਹਨ
  • ਜੇ ਤੁਹਾਨੂੰ ਵਾਧੂ ਤਰਲ ਪਦਾਰਥਾਂ ਜਾਂ ਖੁਰਾਕ ਸਪਲੀਮੈਂਟਾਂ ਦੀ ਲੋੜ ਹੈ ਤਾਂ ਪੋਸ਼ਣ ਅਤੇ ਹਾਈਡ੍ਰੇਸ਼ਨ ਸਬੰਧੀ ਮੁਲਾਂਕਣ

ਤੁਹਾਡਾ ਸ਼ੁਰੂਆਤੀ ਇਲਾਜ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਹਾਨੂੰ ਕਿਸ ਕਿਸਮ ਦਾ ਸਟ੍ਰੋਕ ਹੋਇਆ ਸੀ। ਜੇ ਤੁਹਾਡਾ ਸਟ੍ਰੋਕ ਖੂਨ ਦੇ ਰਿਸਾਅ ਕਾਰਨ ਹੋਇਆ ਸੀ (ਹੈਮੋਰੇਜਿਕ ਸਟ੍ਰੋਕ) ਤਾਂ ਹੋ ਸਕਦਾ ਹੈ ਕਿ ਤੁਹਾਡੀਆਂ ਖਰਾਬ ਹੋਈਆਂ ਖੂਨ ਦੀਆਂ ਨਾੜੀਆਂ ਦੀ ਮੁਰੰਮਤ ਲਈ ਸਰਜੀਕਲ ਇਲਾਜ ਬਾਰੇ ਵਿਚਾਰ ਕੀਤਾ ਜਾਵੇ।

ਜੇ ਤੁਹਾਡਾ ਸਟ੍ਰੋਕ ਖੂਨ ਦੇ ਥੱਕੇ (ਇਸਕੀਮਿਕ ਸਟ੍ਰੋਕ) ਕਰਕੇ ਹੋਇਆ ਸੀ, ਤਾਂ ਤੁਹਾਨੂੰ ਸ਼ਾਇਦ ਥ੍ਰੌਂਬੋਲੋਸਿਸ ਨਾਮ ਦੇ ਖੂਨ ਦੇ ਥੱਕਿਆਂ ਨੂੰ ਤੋੜਨ ਵਾਲੇ ਇਲਾਜ ਜਾਂ ਥੱਕੇ ਨੂੰ ਬਾਹਰ ਕੱਢਣ ਲਈ ਥ੍ਰੌਮਬੈਕਟੋਮੀ ਨਾਮ ਦੀ ਇੱਕ ਮਾਹਰ ਪ੍ਰਕਿਰਿਆ ਦੀ ਪੇਸ਼ਕਸ਼ ਕੀਤੀ ਜਾਵੇ। ਇਲਾਜ ਦੇ ਹੋਰ ਵਿਕਲਪਾਂ ਵਿੱਚ ਸ਼ਾਮਲ ਹਨ ਖੂਨ ਨੂੰ ਪਤਲਾ ਕਰਨ ਵਾਲਾ ਇਲਾਜ, ਕੋਲੈਸਟ੍ਰੋਲ-ਘੱਟ ਕਰਨ ਵਾਲੀਆਂ ਦਵਾਈਆਂ ਜਿਹਨਾਂ ਨੂੰ ਸਟੈਟਿਨਜ਼ ਕਿਹਾ ਜਾਂਦਾ ਹੈ, ਕੈਰੋਟਿਡ ਐਂਡਾਰਟ੍ਰੈਕਟੋਮੀ (ਤੁਹਾਡੀ ਗਰਦਨ ਦੀਆਂ ਤੰਗ ਹੋਈਆਂ ਧਮਣੀਆਂ ਦੀ ਰੁਕਾਵਟ ਖਤਮ ਕਰਨ ਲਈ ਆਪ੍ਰੇਸ਼ਨ) ਜਾਂ ਤੁਹਾਡੇ ਦਿਮਾਗ ਉੱਪਰ ਦਬਾਅ ਨੂੰ ਹਟਾਉਣ ਲਈ ਡੀਕੰਪ੍ਰੈਸਿਵ ਸਰਜਰੀ।

ਐਂਡੀ ਦੀ ਪਤਨੀ ਨੇ ਫ਼ੁਰਤੀ ਤੋਂ ਕੰਮ ਲਿਆ

ਜਦੋਂ ਐਂਡੀ ਨੂੰ ਸਟ੍ਰੋਕ ਹੋਇਆ, ਤਾਂ ਉਸਨੂੰ ਤੁਰੰਤ ਪਤਾ ਲੱਗ ਗਿਆ ਕਿ ਕੋਈ ਗੜਬੜ ਸੀ। “ਇਹ ਕੁਝ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੇ ਮੇਰੇ ਸਿਰ ਦੇ ਪਿਛਲੇ ਪਾਸੇ ਬਲੋਟਾਰਚ ਜਲਾਈ ਹੋਵੇ ਅਤੇ ਦੁਨੀਆ ਦੀ ਹਰ ਸੂਈ ਨੂੰ ਮੇਰੀ ਖੋਪੜੀ ਦੇ ਅੰਦਰ ਚੁਭੋ ਦਿੱਤਾ ਹੋਵੇ,” ਉਹ ਦੱਸਦਾ ਹੈ।

ਖੁਸ਼ਕਿਸਮਤੀ ਨਾਲ, ਉਸਦੀ ਪਤਨੀ ਨਿਕ ਨੇ FAST ਬਾਰੇ ਇਸ਼ਤਿਹਾਰ ਦੇਖੇ ਸਨ ਅਤੇ ਸਟ੍ਰੋਕ ਦੇ ਲੱਛਣਾਂ ਨੂੰ ਪਛਾਣ ਲਿਆ ਸੀ। ਉਸਨੇ ਤੁਰੰਤ ਮਦਦ ਬੁਲਾਈ, ਅਤੇ ਐਂਡੀ ਨੇ ਰਿਕਵਰੀ ਵੱਲ ਆਪਣਾ ਲੰਬਾ ਸਫ਼ਰ ਸ਼ੁਰੂ ਕਰ ਦਿੱਤਾ।

ਹੁਣ, ਐਂਡੀ ਦੂਜੇ ਸਰਵਾਈਵਰਾਂ ਦੀ ਮਦਦ ਕਰਨ ਲਈ ਆਪਣੀ ਕਹਾਣੀ ਸਾਂਝੀ ਕਰਨਾ ਚਾਹੁੰਦਾ ਹੈ।

“ਮੈਂ ਜਾਣਦਾ ਹਾਂ ਕਿ ਇਹ ਕਿੰਨਾ ਗੁੱਸੇ ਭਰਿਆ, ਨਿਰਾਸ਼ਾਜਨਕ ਅਤੇ ਦਰਦਨਾਕ ਹੋ ਸਕਦਾ ਹੈ। ਸਟ੍ਰੋਕ ਤੋਂ ਰਿਕਵਰ ਕਰਨਾ ਸਭ ਤੋਂ ਔਖਾ ਕੰਮ ਹੈ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਕੀਤਾ ਹੈ ਪਰ ਇਸ ਬਾਰੇ ਸੋਚੋ ਕਿ ਇਸਦਾ ਵਿਕਲਪ ਕੀ ਹੋਵੇਗਾ।

ਸਟ੍ਰੋਕ ਦੇ ਬਾਅਦ ਰਿਕਵਰੀ ਅਤੇ ਸਿਹਤ ਦੀ ਬਹਾਲੀ

ਸਟ੍ਰੋਕ ਤੋਂ ਬਾਅਦ ਹਰ ਵਿਅਕਤੀ ਦੀ ਰਿਕਵਰੀ ਵੱਖਰੀ ਹੁੰਦੀ ਹੈ। ਹੋ ਸਕਦਾ ਹੈ ਕਿ ਤੁਸੀਂ ਹਫ਼ਤਿਆਂ ਦੇ ਅੰਦਰ ਪੂਰੀ ਤਰ੍ਹਾਂ ਠੀਕ ਹੋ ਜਾਓ, ਜਾਂ ਇਸ ਵਿੱਚ ਤੁਹਾਨੂੰ ਵਧੇਰੇ ਲੰਬਾ ਸਮਾਂ ਲੱਗੇ। ਕੁਝ ਲੋਕ, ਖਾਸ ਤੌਰ ‘ਤੇ ਜਦੋਂ ਉਹਨਾਂ ਦਾ ਸਟ੍ਰੋਕ ਬਹੁਤ ਗੰਭੀਰ ਸੀ, ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਅਤੇ ਉਹਨਾਂ ਵਿੱਚ ਲੰਬੇ ਸਮੇਂ ਲਈ ਅਪਾਹਜਤਾਵਾਂ ਰਹਿ ਜਾਂਦੀਆਂ ਹਨ।

ਪਹਿਲੇ ਕੁਝ ਦਿਨਾਂ ਅਤੇ ਹਫ਼ਤਿਆਂ ਵਿੱਚ, ਤੁਸੀਂ ਸ਼ਾਇਦ ਬਹੁਤ ਥੱਕੇ ਹੋਏ ਅਤੇ ਭਾਵੁਕ ਮਹਿਸੂਸ ਕਰੋ। ਇਹ ਅਕਸਰ ਕਿਸੇ ਦੁਖਦਾਈ ਘਟਨਾ ਦੀ ਇੱਕ ਆਮ ਪ੍ਰਤਿਕਿਰਿਆ ਹੁੰਦੀ ਹੈ। ਸਹਿਜੇ-ਸਹਿਜੇ ਆਪਣੀ ਰਫ਼ਤਾਰ ਵਧਾਓ ਅਤੇ ਖੁਦ ਨੂੰ ਅਰਾਮ ਕਰਨ ਲਈ ਬਥੇਰਾ ਸਮਾਂ ਦਿਓ, ਇਸ ਦੇ ਨਾਲ ਹੀ ਤੁਹਾਡੇ ਹੈਲਥਕੇਅਰ ਪੇਸ਼ੇਵਰਾਂ ਦੁਆਰਾ ਸਿਫ਼ਾਰਸ਼ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਅਤੇ ਥੈਰੇਪੀਆਂ ਅਜ਼ਮਾਉਣ ਲਈ ਵੀ ਸਮਾਂ ਕੱਢੋ।

ਇੱਥੋਂ ਤਕ ਕਿ ਸ਼ੁਰੂ ਦੇ ਦਿਨਾਂ ਵਿੱਚ ਵੀ, ਜਿੰਨਾ ਹੋ ਸਕੇ ਹਿਲਜੁਲ ਕਰਨੀ ਬਹੁਤ ਜ਼ਰੂਰੀ ਹੈ, ਭਾਵੇਂ ਤੁਸੀਂ ਬਿਸਤਰੇ ਤੋਂ ਨਾ ਵੀ ਉੱਠ ਸਕਦੇ ਹੋਵੋ। ਇਸ ਨਾਲ:

  • ਤੁਹਾਡੇ ਅੰਗਾਂ ਨੂੰ ਬੇਲੋਚ ਅਤੇ ਦੁਖਦਾਈ ਹੋਣ ਤੋਂ ਰੋਕਣ ਵਿੱਚ ਮਦਦ ਮਿਲਦੀ ਹੈ
  • ਪੋਸਚਰ, ਸੰਤੁਲਨ ਅਤੇ ਹਿਲਜੁਲ ਨੂੰ ਰਿਕਵਰ ਕਰਨ ਵਿੱਚ ਮਦਦ ਮਿਲਦੀ ਹੈ
  • ਖਾਣ-ਪੀਣਾ ਸੁਖਾਲਾ ਹੋ ਸਕਦਾ ਹੈ
  • ਤੁਹਾਡੀਆਂ ਲੱਤਾਂ ਵਿੱਚ ਖੂਨ ਦੇ ਥੱਕੇ ਬਣਨ ਦਾ ਖਤਰਾ ਘਟਦਾ ਹੈ
  • ਛਾਤੀ ਦਾ ਇਨਫ਼ੈਕਸ਼ਨ ਹੋਣ ਦਾ ਖਤਰਾ ਘਟਦਾ ਹੈ

ਆਪਣੀ ਸਟ੍ਰੋਕ ਟੀਮ ਦੀ ਮਦਦ ਅਤੇ ਸਹਿਯੋਗ ਨਾਲ, ਤੁਹਾਨੂੰ ਆਪਣੇ ਸਟ੍ਰੋਕ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਸੁਧਾਰ ਦਿਖਾਈ ਦੇਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ। ਯਾਦ ਰੱਖੋ ਕਿ ਰਿਕਵਰੀ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ, ਅਤੇ ਹਰ ਕਿਸੇ ਦੀ ਰਿਕਵਰੀ ਵੱਖਰੀ ਹੁੰਦੀ ਹੈ – ਜੇ ਕਿਸੇ ਖਾਸ ਸੁਧਾਰ ਦੇ ਨਜ਼ਰ ਆਉਣ ਵਿੱਚ ਮਹੀਨੇ ਜਾਂ ਸਾਲ ਵੀ ਲੱਗ ਜਾਂਦੇ ਹਨ ਤਾਂ ਨਿਰਾਸ਼ ਨਾ ਹੋਵੋ।

ਨਿਯਮਿਤ ਤੌਰ ‘ਤੇ ਫ਼ਿਜ਼ੀਓਥੈਰੇਪੀ, ਆਕਿਊਪੇਸ਼ਨਲ ਥੈਰੇਪੀ ਅਤੇ ਬੋਲਚਾਲ ਸਬੰਧੀ ਕਸਰਤਾਂ ਤੁਹਾਨੂੰ ਉਤਸ਼ਾਹਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ। ਤੁਹਾਡੀ ਸਟ੍ਰੋਕ ਟੀਮ ਅਜਿਹੀਆਂ ਕਸਰਤਾਂ, ਥੈਰੇਪੀਆਂ ਅਤੇ ਗਤੀਵਿਧੀਆਂ ਲੱਭਣ ਵਿੱਚ ਮਦਦ ਕਰੇਗੀ ਜੋ ਤੁਹਾਡੇ ਲਈ ਕੰਮ ਕਰਦੀਆਂ ਹੋਣ।

ਵਧੇਰੇ ਲੰਬੇ ਸਮੇਂ ਲਈ ਸਿਹਤ ਦੀ ਬਹਾਲੀ ਨਾਲ ਤੁਹਾਨੂੰ ਆਪਣੀ ਸਥਿਤੀ ਨਾਲ ਨਿਪਟਣ ਅਤੇ ਉਸ ਦੇ ਅਨੁਸਾਰ ਢਾਲਣ ਵਿੱਚ ਮਦਦ ਮਿਲ ਸਕਦੀ ਹੈ। ਸਿਹਤ ਬਹਾਲੀ (Rehabilitation) ਦੇ ਮਾਹਰ, ਹੁਨਰਾਂ ਨੂੰ ਮੁੜ ਸਿੱਖਣ ਜਾਂ ਉਹਨਾਂ ਅਨੁਸਾਰ ਢਾਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ, ਤਾਂ ਜੋ ਤੁਸੀਂ ਆਪਣੇ ਸਟ੍ਰੋਕ ਤੋਂ ਬਾਅਦ ਜਿੰਨਾ ਹੋ ਸਕੇ ਆਤਮ-ਨਿਰਭਰ ਬਣ ਸਕੋ। ਇਹ ਹਸਪਤਾਲ ਵਿੱਚ, ਕਿਸੇ ਆਊਟ-ਪੇਸ਼ੈਂਟ (ਬਾਹਰੀ ਰੋਗੀ) ਕਲੀਨਿਕ ਵਿੱਚ ਜਾਂ ਕਮਿਊਨਿਟੀ ਥੈਰੇਪਿਸਟਾਂ ਦੇ ਸਹਿਯੋਗ ਨਾਲ ਘਰ ਵਿੱਚ ਕੀਤਾ ਜਾ ਸਕਦਾ ਹੈ।

ਚੈਸਟ ਹਾਰਟ ਐਂਡ ਸਟ੍ਰੋਕ ਸਕਾਟਲੈਂਡ ਵਿਖੇ, ਜਦੋਂ ਤੁਸੀਂ ਹਸਪਤਾਲ ਤੋਂ ਘਰ ਪਹੁੰਚਦੇ ਹੋ ਤਾਂ ਠੀਕ ਹੋਣ ਵਿੱਚ ਤੁਹਾਡੀ ਮਦਦ ਲਈ ਅਸੀਂ ਸਕਾਟਲੈਂਡ ਭਰ ਵਿੱਚ ਕਈ ਤਰ੍ਹਾਂ ਦੀਆਂ ਸਟ੍ਰੋਕ ਰੀਹੈਬਿਲਿਟੇਸ਼ਨ ਸੇਵਾਵਾਂ ਪੇਸ਼ ਕਰਦੇ ਹਾਂ। ਅਸੀਂ ਸੰਵਾਦ ਦੀਆਂ ਮੁਸ਼ਕਲਾਂ ਤੋਂ ਲੈ ਕੇ ਸਰੀਰਕ ਹਿਲਜੁਲ, ਨਜ਼ਰ, ਯਾਦਦਾਸ਼ਤ ਜਾਂ ਸੋਚਣ ਸਬੰਧੀ ਸਮੱਸਿਆਵਾਂ ਤਕ ਹਰ ਚੀਜ਼ ਵਿੱਚ ਮਦਦ ਕਰ ਸਕਦੇ ਹਾਂ।

ਤੁਹਾਡੇ ਸਥਾਨਕ ਇਲਾਕੇ ਵਿੱਚ ਉਪਲਬਧ ਸਟ੍ਰੋਕ ਸੇਵਾਵਾਂ ਬਾਰੇ ਹੋਰ ਜਾਣਨ ਲਈ, ਸਾਡੀਆਂ ਐਡਵਾਈਸ ਲਾਈਨ ਨਰਸਾਂ ਨੂੰ ਫ੍ਰੀਫੋਨ 0808 801 0899 ‘ਤੇ ਕਾਲ ਕਰੋ।

ਸਟ੍ਰੋਕ ਤੋਂ ਬਾਅਦ ਘਰ ਵਾਪਸੀ

ਜਦੋਂ ਤੁਸੀਂ ਹਸਪਤਾਲ ਤੋਂ ਆਉਂਦੇ ਹੋ, ਤਾਂ ਤੁਹਾਡੇ ਕੋਲ ਆਪਣੀ ਸਟ੍ਰੋਕ ਟੀਮ ਦੁਆਰਾ ਦਿੱਤਾ ਇੱਕ ਡਿਸਚਾਰਜ ਪਲਾਨ ਹੋਣਾ ਚਾਹੀਦਾ ਹੈ। ਇਸ ਵਿੱਚ ਉਹ ਵਿਹਾਰਕ ਮਦਦ ਅਤੇ ਸਹਿਯੋਗ ਸ਼ਾਮਲ ਹੁੰਦਾ ਹੈ ਜਿਸਦੀ ਤੁਹਾਨੂੰ ਘਰ ਵਿੱਚ ਲੋੜ ਹੋ ਸਕਦੀ ਹੈ।

ਹਸਪਤਾਲ ਤੋਂ ਘਰ ਵਾਪਸ ਆਉਣਾ, ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੁਣੌਤੀ ਭਰਿਆ ਹੋ ਸਕਦਾ ਹੈ, ਪਰ ਅਸੀਂ ਤੁਹਾਨੂੰ ਸਹਿਯੋਗ ਦੇਣ ਲਈ ਇੱਥੇ ਮੌਜੂਦ ਹਾਂ। ਸਾਡੀ ਐਡਵਾਈਸ ਲਾਈਨ ਨਰਸਾਂ ਨੂੰ 0808 801 0899 ‘ਤੇ ਇਸ ਬਾਰੇ ਹੋਰ ਜਾਣਨ ਲਈ ਕਾਲ ਕਰੋ ਕਿ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਜਿਸ ਵਿੱਚ ਸ਼ਾਮਲ ਹਨ:

  • ਫ਼ੋਨ ‘ਤੇ ਮੁਫ਼ਤ, ਗੁਪਤ ਸਲਾਹ ਪ੍ਰਦਾਨ ਕਰਨਾ
  • ਸਾਡੀਆਂ ਸਟ੍ਰੋਕ ਨਰਸਾਂ ਅਤੇ ਕਮਿਊਨਿਟੀ ਸਪੋਰਟ ਵਰਕਰਾਂ ਤੋਂ ਸਹਿਯੋਗ
  • ਤੁਹਾਡੇ ਸਥਾਨਕ ਪੀਅਰ (ਇੱਕੋ ਜਿਹੇ ਤਜਰਬੇ ਵਾਲੇ ਲੋਕਾਂ ਵਾਲੇ) ਸਹਿਯੋਗੀ ਗਰੁੱਪ ਨੂੰ ਰੈਫ਼ਰਲ, ਜਿੱਥੇ ਤੁਸੀਂ ਦੂਜੇ ਲੋਕਾਂ ਨੂੰ ਮਿਲ ਸਕਦੇ ਹੋ ਜੋ ਇਹ ਸਮਝਦੇ ਹਨ ਕਿ ਤੁਹਾਡੇ ਉੱਪਰ ਕੀ ਬੀਤ ਰਹੀ ਹੈ
  • ਅਲੱਗ-ਥਲੱਗ ਹੋਣ ਅਤੇ ਇਕੱਲੇਪਣ ਦਾ ਮੁਕਾਬਲਾ ਕਰਨ ਲਈ ਇੱਕ ਨਿਯਮਤ ਫ਼ੋਨ ਕਾਲ ਵਾਸਤੇ ਸਾਡੇ ਦਿਆਲਤਾ ਵਾਲੰਟੀਅਰਾਂ (Kindness Volunteers) ਵਿੱਚੋਂ ਕਿਸੇ ਨਾਲ ਮੇਲ ਕਰਾਇਆ ਜਾਣਾ

ਯਾਦ ਰੱਖੋ, ਤੁਸੀਂ ਆਪਣੀ ਸਿਹਤ ਬਾਰੇ ਸਲਾਹ ਲਈ ਜਾਂ ਹੋਰ ਹੈਲਥਕੇਅਰ ਸੇਵਾਵਾਂ ਲਈ ਰੈਫ਼ਰਲ ਲੈਣ ਵਾਸਤੇ ਆਪਣੇ ਜੀਪੀ ਨਾਲ ਵੀ ਸੰਪਰਕ ਕਰ ਸਕਦੇ ਹੋ, ਅਤੇ ਤੁਹਾਡਾ ਫ਼ਾਰਮਾਸਿਸਟ ਤੁਹਾਡੇ ਦੁਆਰਾ ਲਈ ਜਾਣ ਵਾਲੀ ਕਿਸੇ ਵੀ ਦਵਾਈ ਬਾਰੇ ਸਲਾਹ ਅਤੇ ਜਾਣਕਾਰੀ ਦੇ ਸਕਦਾ ਹੈ।

ਘਰ ਸੰਭਾਲਣ ਵਿੱਚ ਤੁਹਾਡੀ ਮਦਦ ਲਈ ਸਹਿਯੋਗ ਦਾ ਪ੍ਰਬੰਧ ਤੁਹਾਡੀ ਸਥਾਨਕ ਕੌਂਸਲ ਦੇ ਸੋਸ਼ਲ ਵਰਕ ਵਿਭਾਗ (ਕਈ ਵਾਰ ਸੋਸ਼ਲ ਕੇਅਰ ਜਾਂ ਸੋਸ਼ਲ ਸਰਵਿਸਿਜ਼ ਵੀ ਕਿਹਾ ਜਾਂਦਾ ਹੈ) ਦੁਆਰਾ ਕੀਤਾ ਜਾ ਸਕਦਾ ਹੈ। ਵੱਧ ਤੋਂ ਵੱਧ ਆਤਮ-ਨਿਰਭਰ ਰਹਿਣ ਵਿੱਚ ਤੁਹਾਡੀ ਮਦਦ ਕਰਨ ਵਾਲੀਆਂ ਸੇਵਾਵਾਂ ਵਿੱਚ ਇਹ ਸ਼ਾਮਲ ਹਨ:

  • ਨਹਾਉਣ-ਧੋਣ ਅਤੇ ਕਪੜੇ ਪਹਿਨਣ ਵਿੱਚ ਮਦਦ
  • ਘਰ ਦੇ ਕੰਮ ਅਤੇ ਖਰੀਦਦਾਰੀ ਵਿੱਚ ਮਦਦ
  • ਡੇਅ ਕੇਅਰ ਸੇਵਾਵਾਂ
  • ਰਾਹਤ ਪ੍ਰਦਾਨ ਕਰਨ ਵਾਲੀ ਦੇਖਭਾਲ
  • ਆਵਾਜਾਈ, ਰਿਹਾਇਸ਼ ਅਤੇ ਉਪਕਰਣਾਂ ਬਾਰੇ ਸਲਾਹ
  • ਲਾਭਾਂ ਬਾਰੇ ਜਾਣਕਾਰੀ।

ਸਟ੍ਰੋਕ ਤੁਹਾਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ

ਸਟ੍ਰੋਕ ਤੁਹਾਡੇ ਸਰੀਰ ਦੇ ਕੰਮ ਕਰਨ ਦੇ ਤਰੀਕੇ, ਅਤੇ ਇਸ ਦੇ ਨਾਲ ਹੀ ਤੁਹਾਡੇ ਮਹਿਸੂਸ ਕਰਨ, ਸੋਚਣ ਅਤੇ ਸੰਵਾਦ ਕਰਨ ਦੇ ਤਰੀਕੇ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਸਟ੍ਰੋਕ ਦੇ ਲੱਛਣ ਹਰ ਕਿਸੇ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਤ ਕਰਦੇ ਹਨ।

ਤੁਹਾਡੇ ਉੱਪਰ ਕਿਹੋ ਜਿਹਾ ਅਸਰ ਪੈਂਦਾ ਹੈ, ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਹਾਡੇ ਦਿਮਾਗ ਦੇ ਕਿਹੜੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਤੁਹਾਡਾ ਸਟ੍ਰੋਕ ਕਿੰਨਾ ਕੁ ਗੰਭੀਰ ਹੈ। ਤੁਹਾਡੇ ਦਿਮਾਗ ਦੇ ਖਾਸ ਖੇਤਰ ਤੁਹਾਡੇ ਸਰੀਰ ਦੇ ਖਾਸ ਕੰਮਾਂ ਨੂੰ ਨਿਯੰਤ੍ਰਤ ਕਰਦੇ ਹਨ ਜਿਵੇਂ ਕਿ ਨਜ਼ਰ, ਯਾਦਦਾਸ਼ਤ, ਬੋਲਚਾਲ ਜਾਂ ਸੁਣਨ ਦੀ ਸ਼ਕਤੀ।

ਹਾਲਾਂਕਿ ਸਾਰੇ ਸਟ੍ਰੋਕ ਵੱਖਰੇ ਹੁੰਦੇ ਹਨ, ਪਰ ਸਟ੍ਰੋਕ ਦੇ ਕੁਝ ਆਮ ਪ੍ਰਭਾਵਾਂ ਵਿੱਚ ਇਹ ਸ਼ਾਮਲ ਹਨ:

  • ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਹਿਲਜੁਲ ਨਾ ਕਰ ਸਕਣਾ
  • ਸੰਤੁਲਨ ਅਤੇ ਸਰੀਰਕ ਹਿਲਜੁਲ ਵਿੱਚ ਸਮੱਸਿਆਵਾਂ
  • ਸੰਵਾਦ ਸਬੰਧੀ ਮੁਸ਼ਕਲਾਂ
  • ਨਿਗਲਣ ਸਬੰਧੀ ਮੁਸ਼ਕਲਾਂ
  • ਸੋਚ ਅਤੇ ਵਿਹਾਰ ਵਿੱਚ ਤਬਦੀਲੀਆਂ
  • ਥਕਾਵਟ ਅਤੇ ਥਕੇਵਾਂ
  • ਦਰਦ, ਸਟ੍ਰੋਕ ਤੋਂ ਬਾਅਦ ਨਸਾਂ ਵਿੱਚ ਦਰਦ (CPSP) ਸਮੇਤ
  • ਬਲੈਡਰ (ਮਸਾਨੇ) ਅਤੇ ਅੰਤੜੀਆਂ ਉੱਪਰ ਨਿਯੰਤ੍ਰਣ ਨਾ ਰਹਿਣਾ
  • ਨਜ਼ਰ ਵਿੱਚ ਤਬਦੀਲੀਆਂ

ਟ੍ਰੌਏ ਭਵਿੱਖ ਪ੍ਰਤੀ ਆਸਵੰਦ ਹੈ

ਟ੍ਰੌਏ ਦੇ ਸਟ੍ਰੋਕ ਤੋਂ ਬਾਅਦ, ਉਸ ਨੂੰ ਸਾਡੇ ਇੱਕ ਵਲੰਟੀਅਰ, ਨੀਲ ਨਾਲ ਸੰਪਰਕ ਕਰਵਾਇਆ ਗਿਆ ਸੀ, ਜਿਸਨੇ ਆਪ ਵੀ ਸਟ੍ਰੋਕ ਨੂੰ ਮਾਤ ਦਿੱਤੀ ਹੈ। ਟ੍ਰੌਏ ਨੂੰ ਲੱਗਦਾ ਹੈ ਕਿ ਅਜਿਹੇ ਹੀ ਅਨੁਭਵ ਵਿੱਚੋਂ ਲੰਘ ਚੁੱਕੇ ਕਿਸੇ ਵਿਅਕਤੀ ਨਾਲ ਗੱਲ ਕਰਨਾ ਉਸ ਦੇ ਸਿਹਤਯਾਬ ਹੋਣ ਵਿੱਚ ਬਹੁਤ ਨਿਰਣਾਇਕ ਸੀ।

ਨੀਲ ਦਾ ਕਹਿਣਾ ਹੈ: “ਟ੍ਰੋਏ ਇੱਕ ਸ਼ਾਨਦਾਰ ਇਨਸਾਨ ਹੈ। ਉਸ ਦੀਆਂ ਚੁਣੌਤੀਆਂ ਇਸ ਲਿਹਾਜ਼ ਨਾਲ ਮੇਰੇ ਵਰਗੀਆਂ ਹੀ ਹਨ ਕਿ ਸਟ੍ਰੋਕ ਦੇ ਪ੍ਰਭਾਵ ਦੂਜੇ ਲੋਕਾਂ ਨੂੰ ਦਿਖਾਈ ਦਿੰਦੇ ਪ੍ਰਤੀਤ ਨਹੀਂ ਹੁੰਦੇ ਕਿਉਂਕਿ ਉਹ ਯਾਦਦਾਸ਼ਤ ਜਾਂ ਸਰੀਰਕ ਸਹਿਣ-ਸ਼ਕਤੀ ਵਰਗੀਆਂ ਚੀਜ਼ਾਂ ਹਨ।

“ਉਮੀਦ ਕਰਦਾ ਹਾਂ ਕਿ ਮੈਂ ਉਸ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਿਆ ਕਿ ਸਟ੍ਰੋਕ ਤੋਂ ਰਿਕਵਰੀ ਇੱਕ ਲੰਬਾ ਸਫ਼ਰ ਹੈ ਜਿਸ ਦੇ ਰਾਹ ਵਿੱਚ ਕਈ ਰੋੜੇ ਆਉਂਦੇ ਹਨ। ਅਸੀਂ ਸਾਰੇ ਹੀ ਅਸਫ਼ਲਤਾਵਾਂ ਦਾ ਸਾਹਮਣਾ ਕਰਦੇ ਹਾਂ, ਪਰ ਅਹਿਮ ਇਹ ਹੈ ਕਿ ਅਸੀਂ ਉਹਨਾਂ ਨਾਲ ਨਜਿੱਠਦੇ ਕਿਵੇਂ ਹਾਂ।

ਸਟ੍ਰੋਕ ਤੋਂ ਬਾਅਦ ਜੀਵਨ

ਪਹਿਲੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਲਈ, ਇਹ ਸੰਭਾਵਨਾ ਹੁੰਦੀ ਹੈ ਕਿ ਤੁਹਾਡਾ ਪੂਰਾ ਧਿਆਨ ਪੁਰਾਣੇ ਹੁਨਰਾਂ ਨੂੰ ਦੁਬਾਰਾ ਸਿੱਖਣ ਜਾਂ ਨਵੇਂ ਹੁਨਰ ਸਿੱਖਣ ‘ਤੇ ਹੋਵੇਗਾ। ਸਹਿਜੇ-ਸਹਿਜੇ ਰਫ਼ਤਾਰ ਵਧਾਉਣਾ ਅਤੇ ਲੋੜ ਪੈਣ ‘ਤੇ ਮਦਦ ਮੰਗਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਸੰਵਾਰ ਸਕਦੇ ਹੋ ਅਤੇ ਆਪਣੀ ਪਸੰਦ ਦੀਆਂ ਚੀਜ਼ਾਂ ਫਿਰ ਤੋਂ ਕਰ ਸਕਦੇ ਹੋ।

ਰੋਜ਼ਮਰ੍ਹਾ ਦਾ ਜੀਵਨ ਸ਼ਾਇਦ ਥੋੜ੍ਹਾ ਵੱਖਰਾ ਦਿਖਾਈ ਦੇਵੇਗਾ, ਪਰ ਰਿਕਵਰ ਕਰਨ ਅਤੇ ਜੀਵਨ ਦਾ ਭਰਪੂਰ ਅਨੰਦ ਮਾਣਨ ਵਿੱਚ ਤੁਹਾਡੀ ਮਦਦ ਲਈ ਅਸੀਂ ਇੱਥੇ ਮੌਜੂਦ ਹਾਂ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਸਟ੍ਰੋਕ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਸਟ੍ਰੋਕ ਦੀ ਸਮੱਸਿਆ ਨਾਲ ਜੀਵਨ ਜਿਉਣ (Living with a Stroke Condition) ਬਾਰੇ ਸੈਕਸ਼ਨ ‘ਤੇ ਜਾਓ।

This page was last updated on November 29, 2023 and is under regular review. If you feel anything is missing or incorrect, please contact [email protected] to provide feedback.

Share this page
  • Was this helpful ?
  • YesNo