Skip to main content

ਲੰਬਾ ਕੋਵਿਡ

ਇਹ ਸੈਕਸ਼ਨ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ:

  • ਲੰਬਾ ਕੋਵਿਡ ਕੀ ਹੁੰਦਾ ਹੈ ਅਤੇ ਇਹ ਤੁਹਾਡੇ ਸਰੀਰ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ
  • ਲੰਬੇ ਕੋਵਿਡ ਦੀਆਂ ਵਿਸ਼ੇਸ਼ਤਾਵਾਂ ਅਤੇ ਸਭ ਤੋਂ ਆਮ ਲੱਛਣ
  • ਲੰਬੇ ਕੋਵਿਡ ਦਾ ਇਲਾਜ ਅਤੇ ਪ੍ਰਬੰਧਨ

CHSS ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ

  • ਤੁਸੀਂ ਸਾਡੀਆਂ ਐਡਵਾਈਸ ਲਾਈਨ ਨਰਸਾਂ ਵਿੱਚੋਂ ਇੱਕ ਨਾਲ, ਗੁਪਤ ਰੂਪ ਵਿੱਚ, ਗੱਲ ਕਰ ਸਕਦੇ ਹੋ
  • ਤੁਸੀਂ ਕਿਤਾਬਚਿਆਂ ਅਤੇ ਤੱਥ ਪੱਤਰਾਂ ਸਮੇਤ ਸਿਹਤ ਸਬੰਧੀ ਜਾਣਕਾਰੀ ਦੇ ਸਰੋਤਾਂ ਨੂੰ ਡਾਊਨਲੋਡ ਕਰ ਸਕਦੇ ਹੋ
  • ਅਸੀਂ ਆਪਣੇ ਲੰਬੇ ਕੋਵਿਡ ਦੇ ਮਰੀਜ਼ਾਂ ਬਾਰੇ ਗਰੁੱਪ ਦੇ ਜ਼ਰੀਏ ਤੁਹਾਡੀ ਕਮਿਊਨਿਟੀ ਵਿੱਚ ਤੁਹਾਨੂੰ ਸਹਿਯੋਗ ਦੇ ਸਕਦੇ ਹਾਂ

ਲੰਬਾ ਕੋਵਿਡ ਕੀ ਹੁੰਦਾ ਹੈ?

ਲੰਬਾ ਕੋਵਿਡ ਇੱਕ ਵਿਆਪਕ ਸ਼ਬਦ ਹੈ ਜਿਸ ਵਿੱਚ ਕੋਵਿਡ-19 ਦੇ ਚੱਲ ਰਹੇ ਲੱਛਣ ਅਤੇ ਨਵੇਂ ਲੱਛਣ ਸ਼ਾਮਲ ਹੁੰਦੇ ਹਨ ਜੋ ਸ਼ਾਇਦ ਕੋਵਿਡ-19 ਇਨਫ਼ੈਕਸ਼ਨ ਦੇ ਨਤੀਜੇ ਵਜੋਂ ਵਿਕਸਤ ਹੋ ਸਕਦੇ ਹਨ। ਕੋਵਿਡ-19 ਇੱਕ ਗੰਭੀਰ ਅਤੇ ਇੱਕ ਤੋਂ ਵੱਧ ਅੰਗਾਂ ਦੀ ਬੀਮਾਰੀ ਹੈ, ਜਿਸ ਦੇ ਤੁਹਾਡੇ ਸਿਸਟਮ ਤੋਂ ਵਾਇਰਸ ਦੇ ਨਿਕਲ ਜਾਣ ਤੋਂ ਬਾਅਦ ਵੀ ਤੁਹਾਡੇ ਸਰੀਰ ਉੱਪਰ ਸਥਾਈ ਅਸਰ ਰਹਿ ਸਕਦੇ ਹਨ। ਤੁਹਾਡੇ ਸਿਸਟਮ ਤੋਂ ਵਾਇਰਸ ਨੂੰ ਕੱਢਣ ਵਿੱਚ ਵੀ ਉਮੀਦ ਨਾਲੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ, ਖਾਸ ਕਰਕੇ ਜੇ ਤੁਹਾਡੇ ਇਮਿਊਨ ਸਿਸਟਮ ਵਿੱਚ ਨੁਕਸ (ਇਮਿਊਨੋਕੌਂਪ੍ਰੋਮਾਈਜ਼ਡ) ਹੈ ਜਾਂ ਤੁਹਾਨੂੰ ਮੌਜੂਦਾ ਸਿਹਤ ਸਮੱਸਿਆਵਾਂ ਹਨ।

ਲੰਬਾ ਕੋਵਿਡ ਬੱਚਿਆਂ ਸਮੇਤ, ਕਿਸੇ ਵੀ ਉਮਰ ਅਤੇ ਪਿਛੋਕੜ ਦੇ ਲੋਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ, ਭਾਵੇਂ ਉਹਨਾਂ ਦੇ ਕੋਵਿਡ ਦੇ ਅਸਲ ਲੱਛਣਾਂ ਦੀ ਗੰਭੀਰਤਾ ਕੁਝ ਵੀ ਹੋਵੇ – ਕੁਝ ਲੋਕਾਂ ਨੂੰ ਲੰਬੇ ਕੋਵਿਡ ਦੇ ਲੱਛਣ ਕਦੇ ਵੀ ਇਹ ਜਾਣੇ ਬਗੈਰ ਹੁੰਦੇ ਹਨ ਕਿ ਉਹ ਪਹਿਲਾਂ ਤੋਂ ਹੀ ਬੀਮਾਰ ਵੀ ਸਨ!

ਲੋਕਾਂ ਦੇ ਕੁਝ ਗਰੁੱਪ, ਲੰਬੇ ਸਮੇਂ ਤਕ ਰਹਿਣ ਵਾਲੇ ਲੱਛਣ ਹੋਣ ਦੇ ਮੁਕਾਬਲਤਨ ਵਧੇਰੇ ਜੋਖਮ ਵਿੱਚ ਪ੍ਰਤੀਤ ਹੁੰਦੇ ਹਨ, ਜਿਹਨਾਂ ਵਿੱਚ ਸ਼ਾਮਲ ਹਨ:

  • ਔਰਤਾਂ ਅਤੇ ਜਨਮ ਸਮੇਂ ਇਸਤਰੀ ਵਜੋਂ ਮੁਕੱਰਰ ਕੀਤੇ ਗਏ ਲੋਕ
  • 60 ਸਾਲ ਤੋਂ ਵੱਧ ਉਮਰ ਦੇ ਲੋਕ
  • ਅਫ਼੍ਰੀਕੀ-ਕੈਰਿਬਿਅਨ ਪਿਛੋਕੜ ਦੇ ਲੋਕ
  • ਦਮੇ, ਡਾਇਬਟੀਜ਼, ਜਾਂ ਲੰਬੀ-ਅਵਧੀ ਦੀਆਂ ਸਿਹਤ ਸਮੱਸਿਆਵਾਂ ਵਾਲੇ ਲੋਕ

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਤੁਹਾਨੂੰ ਇਕੱਲੇ ਟੀਕਾਕਰਣ ਤੋਂ ਹੀ ਲੰਬਾ ਕੋਵਿਡ ਹੋ ਸਕਦਾ ਹੈ।

ਲੰਬਾ ਕੋਵਿਡ ਇੱਕ ਉਭਰਦੀ ਹੋਈ ਸਥਿਤੀ ਹੈ, ਇਸ ਕਰਕੇ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਸਾਨੂੰ ਅਜੇ ਪਤਾ ਨਹੀਂ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਆਖਰਕਾਰ ਲੋਕਾਂ ਉੱਪਰ ਕਿਹੋ ਜਿਹਾ ਅਸਰ ਪਾਉਂਦਾ ਹੈ। ਹਾਲਾਂਕਿ, ਜਿਉਂ-ਜਿਉਂ ਸਥਿਤੀ ਅੱਗੇ ਵੱਧ ਰਹੀ ਹੈ, ਅਤੇ ਲੰਬੇ ਕੋਵਿਡ ਦੇ ਲੱਛਣਾਂ ਤੋਂ ਪੀੜਤ ਲੋਕ ਆਪਣੇ ਅਨੁਭਵ ਅਤੇ ਕਹਾਣੀਆਂ ਨੂੰ ਸਾਂਝਾ ਕਰਦੇ ਹਨ, ਅਸੀਂ ਇਸ ਬਾਰੇ ਇੱਕ ਬਿਹਤਰ ਸਮਝ ਵਿਕਸਿਤ ਕਰ ਰਹੇ ਹਾਂ ਕਿ ਲੰਬੇ ਕੋਵਿਡ ਦਾ ਕੀ ਮਤਲਬ ਹੈ ਅਤੇ ਅਸੀਂ ਇਸ ਨਾਲ ਕਿਵੇਂ ਨਜਿੱਠ ਸਕਦੇ ਹਾਂ।

ਤੁਹਾਨੂੰ NHS Inform ਪੇਜ ‘ਤੇ ਕੋਵਿਡ-19 ਬਾਰੇ ਅਕਸਰ ਅੱਪਡੇਟ ਕੀਤੀ ਜਾਂਦੀ ਜਾਣਕਾਰੀ ਮਿਲ ਸਕਦੀ ਹੈ। ਨੈਸ਼ਨਲ ਇੰਸਟੀਚਿਊਟ ਫ਼ਾਰ ਹੈਲਥ ਰਿਸਰਚ (National Institute for Health Research – NIHR) ਕੋਲ ਵੀ ਯੂਕੇ ਵਿੱਚ ਲੰਬੇ ਕੋਵਿਡ ਬਾਰੇ ਖੋਜ ਦੀ ਨਿਯਮਤ ਤੌਰ ‘ਤੇ ਅੱਪਡੇਟ ਕੀਤੀ ਜਾਂਦੀ ਸਮੀਖਿਆ ਹੈ।

ਡਾਇਗਨੋਸਿਸ (ਰੋਗ ਦੀ ਪਛਾਣ) ਕਰਾਉਣਾ

ਦਸੰਬਰ 2020 ਵਿੱਚ ਡਾਕਟਰਾਂ ਲਈ SIGN (Scottish Intercollegiate Guideline Network) ਭਾਵ ਸਕਾਟਿਸ਼ ਇੰਟਰਕਾਲਜੀਏਟ ਗਾਈਡਲਾਈਨ ਨੈੱਟਵਰਕ) ਦਿਸ਼ਾ-ਨਿਰਦੇਸ਼ਾਂ ਵਿੱਚ ਲੰਬੇ ਕੋਵਿਡ ਲਈ ਮਾਰਗਦਰਸ਼ਨ ਨੂੰ ਸ਼ਾਮਲ ਕੀਤਾ ਗਿਆ ਸੀ, ਅਤੇ ਇਹ ਸਕਾਟਿਸ਼ ਚਿਕਿਤਸਾ ਵਿੱਚ ਇੱਕ ਮਾਨਤਾ ਪ੍ਰਾਪਤ ਡਾਇਗਨੋਸਿਸ ਹੈ। ਹਾਲਾਂਕਿ, ਸਾਰੇ ਡਾਕਟਰ ਇਸ ਸਥਿਤੀ ਤੋਂ ਜਾਣੂ ਨਹੀਂ ਹਨ।

ਜੇ ਤੁਹਾਨੂੰ ਲੰਬੇ ਕੋਵਿਡ ਦੇ ਲੱਛਣ ਹਨ, ਤਾਂ ਤੁਹਾਡੇ ਹੈਲਥਕੇਅਰ ਪੇਸ਼ੇਵਰ ਨੂੰ ਇਹ ਦੇਖਣ ਲਈ ਤੁਹਾਡਾ ਡਾਕਟਰੀ ਪਿਛੋਕੜ ਲੈਣਾ ਚਾਹੀਦਾ ਹੈ ਕਿ ਕੀ ਤੁਹਾਨੂੰ ਕੋਵਿਡ-19 ਹੋ ਚੁੱਕਿਆ ਹੈ। ਲੰਬੇ ਕੋਵਿਡ ਦੇ ਡਾਇਗਨੋਸਿਸ (ਰੋਗ ਦੀ ਪਛਾਣ) ਲਈ, ਕੋਵਿਡ-19 ਨੂੰ ਦਰਸਾਉਣ ਵਾਲੇ ਕੋਈ ਵੀ ਸੰਕੇਤ ਜਾਂ ਪੌਜ਼ਿਟਿਵ ਟੈਸਟ ਚਾਰ ਹਫ਼ਤਿਆਂ ਤੋਂ ਵੱਧ ਪੁਰਾਣੇ ਹੋਣੇ ਚਾਹੀਦੇ ਹਨ।

ਹੋ ਸਕਦਾ ਹੈ ਕਿ ਤੁਹਾਨੂੰ ਹੋਰਨਾਂ ਅਜਿਹੀਆਂ ਗੱਲਾਂ ਦੀ ਸੰਭਾਵਨਾ ਨੂੰ ਖਾਰਜ ਕਰਨ ਲਈ ਕੁਝ ਟੈਸਟ ਕਰਵਾਉਣ ਲਈ ਵੀ ਕਿਹਾ ਜਾਵੇ ਜਿਹਨਾਂ ਕਰਕੇ ਅਜਿਹੇ ਹੀ ਲੱਛਣ ਹੋ ਸਕਦੇ ਹਨ। ਇਹਨਾਂ ਟੈਸਟਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਖੂਨ ਦੇ ਟੈਸਟ
  • ਤੁਹਾਡੇ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ, ਅਤੇ ਦਿਲ ਦੇ ਕੰਮਕਾਜ ਦੀ ਜਾਂਚ ਕਰਨਾ
  • ਦਿਲ ਦੀਆਂ ਬੁਨਿਆਦੀ ਸਮੱਸਿਆਵਾਂ ਦੀ ਪਛਾਣ ਕਰਨ ਲਈ ECG (ਇਲੈਕਟ੍ਰੋਕਾਰਡੀਓਗ੍ਰਾਮ) ਟੈਸਟ
  • ਤੁਹਾਡੇ ਅੰਗਾਂ ਵਿੱਚ ਸਮੱਸਿਆਵਾਂ ਦਾ ਪਤਾ ਲਗਾਉਣ ਲਈ ਐਕਸ-ਰੇ ਜਾਂ ਇਮੇਜਿੰਗ ਦੇ ਹੋਰ ਰੂਪ

ਜੇ ਤੁਹਾਡੇ ਵਿੱਚ 12 ਹਫ਼ਤਿਆਂ ਤੋਂ ਬਾਅਦ ਵੀ ਲੱਛਣ ਮੌਜੂਦ ਹਨ ਅਤੇ ਇਹਨਾਂ ਲੱਛਣਾਂ ਲਈ ਕੋਈ ਹੋਰ ਸਪਸ਼ਟ ਵਿਆਖਿਆ ਨਹੀਂ ਹੈ, ਤਾਂ “ਪੋਸਟ-ਕੋਵਿਡ ਸਿੰਡ੍ਰੋਮ” ਜਾਂ ਲੰਬੇ ਕੋਵਿਡ ਦਾ ਡਾਇਗਨੋਸਿਸ ਦਿੱਤਾ ਜਾਵੇਗਾ।

ਜਦੋਂ ਤੁਹਾਨੂੰ ਕੋਵਿਡ-19 ਤੋਂ ਬਾਅਦ ਛੁੱਟੀ ਦਿੱਤੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਲੰਬੇ ਕੋਵਿਡ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।

ਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕਿਸੇ ਸਮੇਂ ਕੋਵਿਡ-19 ਸੀ, ਭਾਵੇਂ ਤੁਹਾਨੂੰ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਗਿਆ ਸੀ, ਅਤੇ ਤੁਸੀਂ ਲੰਬੇ ਕੋਵਿਡ ਦੇ ਲੱਛਣਾਂ ਨਾਲ ਜੱਦੋਜਹਿਦ ਕਰ ਰਹੇ ਹੋ, ਤਾਂ ਆਪਣੇ ਸਿਹਤ ਸੰਭਾਲ ਪੇਸ਼ੇਵਰ ਨੂੰ ਪੁੱਛੋ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੰਬਾ ਕੋਵਿਡ ਹੋ ਸਕਦਾ ਹੈ।

ਲੰਬੇ ਕੋਵਿਡ ਦੇ ਲੱਛਣ

ਲੰਬੇ ਕੋਵਿਡ ਨਾਲ ਜੁੜੇ ਕਈ ਤਰ੍ਹਾਂ ਦੇ ਲੱਛਣ ਹੁੰਦੇ ਹਨ। ਹੋ ਸਕਦਾ ਹੈ ਕਿ ਤੁਹਾਨੂੰ ਇਹ ਸਾਰੇ ਲੱਛਣ ਨਾ ਹੋਣ, ਪਰ ਜੇ ਤੁਹਾਨੂੰ ਦੋ ਜਾਂ ਤਿੰਨ ਤੋਂ ਵੱਧ ਲੱਛਣ ਹਨ, ਤਾਂ ਸ਼ਾਇਦ ਡਾਕਟਰ ਨਾਲ ਗੱਲ ਕਰਨੀ ਸਹੀ ਹੋ ਸਕਦੀ ਹੈ।

ਸਾਨੂੰ ਅਜੇ ਇਹ ਨਹੀਂ ਪਤਾ ਹੈ ਕਿ ਇਹ ਲੱਛਣ ਅੱਗੇ ਜਾ ਕੇ ਕਿਵੇਂ ਵਿਕਸਤ ਹੋਣਗੇ, ਅਤੇ ਲੋਕਾਂ ਦੇ ਲੱਛਣਾਂ ਦਰਮਿਆਨ ਬਹੁਤ ਸਾਰੇ ਫ਼ਰਕ ਦਿਖਾਈ ਦਿੰਦੇ ਹਨ, ਪਰ ਇਸ ਗੱਲ ਦਾ ਸਬੂਤ ਹੈ ਕਿ ਜ਼ਿਆਦਾਤਰ ਲੋਕਾਂ ਵਿੱਚ ਹੌਲੀ, ਪਰ ਨਿਰੰਤਰ, ਸੁਧਾਰ ਦਿਖਾਈ ਦਿੰਦਾ ਹੈ ਅਤੇ ਉਹ ਸਮੇਂ ਦੇ ਨਾਲ ਰਿਕਵਰ ਹੋ ਸਕਦੇ ਹਨ।

  • ਕਾਰਡੀਓਵੈਸਕਿਉਲਰ ਲੱਛਣ – ਦਿਲ ਦਾ ਤੇਜ਼-ਤੇਜ਼ ਫੜਕਣਾ, ਛਾਤੀ ਵਿੱਚ ਜਕੜਨ, ਛਾਤੀ ਵਿੱਚ ਦਰਦ, ਐਂਬੋਲਿਜ਼ਮ ਦਾ ਖਤਰਾ (ਭਾਵ ਖੂਨ ਦੇ ਵਹਾਅ ਵਿੱਚ ਸੁਤੰਤਰ ਘੁੰਮਦੇ ਢੇਲੇ)
  • ਸਾਹ ਸਬੰਧੀ ਲੱਛਣ – ਖੰਘ, ਸਾਹ ਚੜ੍ਹਨਾ
  • ਨਿਊਰੋਲੌਜਿਕਲ (ਨਸਾਂ ਸਬੰਧੀ) ਲੱਛਣ – ਪੋਸਚਰਲ ਟੈਕੀਕਾਰਡੀਆ ਸਿੰਡ੍ਰੋਮ (Postural Tachycardia Syndrome – PoTS), ਥਕੇਵਾਂ, ਸਿਰ ਦਰਦ, ਨੀਂਦ ਦੀਆਂ ਸਮੱਸਿਆਵਾਂ, ਚੱਕਰ ਆਉਣੇ, ਪੈਰੀਫ਼ੇਰਲ ਨਿਊਰੈਲਜੀਆ (ਦਰਦ, ਸੂਈਆਂ ਚੁਭਣ, ਜਾਂ ਸੁੰਨ ਹੋਣ ਵਰਗੇ ਲੱਛਣ)

PoTS ਲੰਬੇ ਕੋਵਿਡ ਦਾ ਇੱਕ ਆਮ ਲੱਛਣ ਹੈ, ਅਤੇ ਇਹ ਅਜਿਹੀ ਸਥਿਤੀ ਹੈ ਜਿਸ ਵਿੱਚ ਖੜ੍ਹੇ ਹੋਣ ਨਾਲ ਤੁਹਾਡਾ ਦਿਲ ਤੇਜ਼ ਰਫ਼ਤਾਰ ਨਾਲ ਧੜਕਣ ਲੱਗ ਜਾਂਦਾ ਹੈ। ਇਸ ਕਰਕੇ ਦੂਜੇ ਸਾਰੇ ਤਰ੍ਹਾਂ ਦੇ ਲੱਛਣ ਹੁੰਦੇ ਹਨ, ਜਿਵੇਂ ਚੱਕਰ ਆਉਣੇ, ਧੁੰਦਲੀ ਨਜ਼ਰ, ਮਾਸਪੇਸ਼ੀਆਂ ਦੀ ਕਮਜ਼ੋਰੀ, ਅਤੇ ਕੰਬਣੀ। PoTS ਦੀ ਅਕਸਰ ਬੇਚੈਨੀ ਵਜੋਂ ਗਲਤ ਪਛਾਣ (ਡਾਇਗਨੋਸਿਸ) ਕੀਤੀ ਜਾ ਸਕਦੀ ਹੈ, ਪਰ ਜੇ ਤੁਹਾਨੂੰ ਸਿਰਫ਼ ਖੜ੍ਹੇ ਹੋਣ ਵੇਲੇ ਹੀ ਇਹ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਸੀਂ ਸ਼ਾਇਦ ਦੁਬਾਰਾ ਡਾਇਗਨੋਸਿਸ ਕੀਤੇ ਜਾਣ ਬਾਰੇ ਆਪਣੇ ਹੈਲਥਕੇਅਰ ਪੇਸ਼ੇਵਰ ਨਾਲ ਗੱਲ ਕਰਨੀ ਚਾਹੋ। ਜੇ ਤੁਹਾਨੂੰ PoTS ਹੈ, ਤਾਂ ਤੁਹਾਨੂੰ PoTS UK ‘ਤੇ ਵਧੇਰੇ ਜਾਣਕਾਰੀ ਅਤੇ ਸਹਿਯੋਗ ਮਿਲ ਸਕਦਾ ਹੈ, ਜੋ PoTS ਪੀੜਤ ਲੋਕਾਂ ਨੂੰ ਸਹਿਯੋਗ ਦੇਣ ਵਾਲੀ ਇੱਕ ਚੈਰਿਟੀ ਹੈ।

ਥਕੇਵਾਂ ਲੰਬੇ ਕੋਵਿਡ ਦਾ ਇੱਕ ਹੋਰ ਬਹੁਤ ਆਮ ਲੱਛਣ ਹੈ, ਜੋ ਲੰਬੇ ਕੋਵਿਡ ਤੋਂ ਪੀੜਤ ਅੱਧੇ ਤੋਂ ਵੱਧ ਲੋਕ ਅਨੁਭਵ ਕਰਦੇ ਹਨ। ਥਕੇਵੇਂ ਨੂੰ ਅਕਸਰ ਸਿਰਫ਼ “ਥੱਕੇ ਹੋਣ” ਵਜੋਂ ਗਲਤ ਸਮਝਿਆ ਜਾਂਦਾ ਹੈ, ਅਤੇ ਹਾਲਾਂਕਿ ਥੱਕਣਾ ਵੀ ਇਸ ਸਥਿਤੀ ਦਾ ਹਿੱਸਾ ਹੈ, ਪਰ ਥਕੇਵੇਂ ਵਿੱਚ ਹੋਰ ਵੀ ਬਹੁਤ ਕੁਝ ਸ਼ਾਮਲ ਹੁੰਦਾ ਹੈ। ਥਕੇਵੇਂ ਵਿੱਚ: “ਦਿਮਾਗੀ ਅਸਪਸ਼ਟਤਾ (brain fog)” ਵੀ ਸ਼ਾਮਲ ਹੋ ਸਕਦੀ ਹੈ, ਜਿੱਥੇ ਤੁਹਾਨੂੰ ਮਾਸਪੇਸ਼ੀ ਦੀ ਕਮਜ਼ੋਰੀ; ਕਸਰਤ ਕਰਨ ਵਿੱਚ ਮੁਸ਼ਕਲ; ਇਮਿਊਨ ਸਿਸਟਮ ਦੀ ਕਮਜ਼ੋਰੀ; ਅਤੇ ਚੱਕਰ ਆਉਣ ਵਰਗੇ ਹੋਰਨਾਂ ਸੰਭਾਵੀ ਲੱਛਣਾਂ ਦੇ ਨਾਲ-ਨਾਲ ਸੋਚਣ ਜਾਂ ਯਾਦਾਂ ਬਣਾਉਣ ਲਈ ਜੱਦੋਜਹਿਦ ਕਰਨੀ ਪੈਂਦੀ ਹੈ।

ਸਾਹ ਚੜ੍ਹਨਾ ਅਤੇ ਛਾਤੀ ਵਿਚ ਜਕੜਨ ਵੀ ਬੇਹੱਦ ਆਮ ਹਨ, ਅਤੇ ਇਹ ਜਾਂ ਤਾਂ ਸਮੇਂ ਦੇ ਨਾਲ ਜਾਰੀ ਰਹਿਣ ਵਾਲੇ ਕੋਵਿਡ-19 ਲੱਛਣਾਂ, ਜਾਂ ਫਿਰ ਵਾਇਰਸ ਦੁਆਰਾ ਹੋਏ ਨੁਕਸਾਨ ਦਾ ਨਤੀਜਾ ਹੋ ਸਕਦੇ ਹਨ।

ਲੰਬਾ ਕੋਵਿਡ ਦੂਜੀਆਂ ਸਿਹਤ ਸਮੱਸਿਆਵਾਂ, ਜਿਵੇਂ ਕਿ ਡਾਇਬਟੀਜ਼, ਦਿਲ ਦੀਆਂ ਸਮੱਸਿਆਵਾਂ, ਜਾਂ ਲਿਵਰ ਦੀਆਂ ਸਮੱਸਿਆਵਾਂ ਹੋਣ ਦੇ ਲੰਬੇ ਸਮੇਂ ਦੇ ਵਧੇ ਹੋਏ ਜੋਖਮ ਨਾਲ ਵੀ ਜੁੜਿਆ ਹੋ ਸਕਦਾ ਹੈ। ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਭਵਿੱਖ ਵਿੱਚ ਲੋਕਾਂ ਉੱਪਰ ਇਸ ਦਾ ਕਿਹੋ ਜਿਹਾ ਅਸਰ ਪੈ ਸਕਦਾ ਹੈ, ਕਿਉਂਕਿ ਲੰਬਾ ਕੋਵਿਡ ਇੱਕ ਨਵੀਂ ਆਈ ਬਿਮਾਰੀ ਹੈ। ਹਾਲਾਂਕਿ, ਇਸ ਗੱਲ ਦੇ ਸਬੂਤ ਹਨ ਕਿ ਕੋਵਿਡ-19 ਦੇ 70% ਤਕ ਮਰੀਜ਼ਾਂ ਨੂੰ ਕਿਸੇ ਹੱਦ ਤਕ ਅੰਗਾਂ ਦਾ ਨੁਕਸਾਨ ਹੁੰਦਾ ਹੈ, ਖਾਸ ਕਰਕੇ ਦਿਲ ਅਤੇ ਲਿਵਰ ਨੂੰ।

ਲੰਬੇ ਕੋਵਿਡ ਵਾਲੇ ਬਹੁਤ ਸਾਰੇ ਲੋਕ ਮਾਨਸਿਕ ਸਿਹਤ ਸਮੱਸਿਆਵਾਂ ਦਾ ਵੀ ਅਨੁਭਵ ਕਰਦੇ ਹਨ ਜਿਵੇਂ ਕਿ ਡਿਪ੍ਰੈਸ਼ਨ, ਬੇਚੈਨੀ, ਅਤੇ ਸਦਮੇ ਤੋਂ ਬਾਅਦ ਤਣਾਅ ਸਬੰਧੀ ਵਿਕਾਰ (Post-Traumatic Stress Disorder – PTSD) ਦੇ ਲੱਛਣ। ਜੇ ਤੁਸੀਂ ਆਪਣੀ ਮਾਨਸਿਕ ਸਿਹਤ ਬਾਰੇ ਚਿੰਤਤ ਹੋ, ਤਾਂ ਆਪਣੇ ਹੈਲਥਕੇਅਰ ਪੇਸ਼ੇਵਰ ਨਾਲ ਗੱਲ ਕਰੋ।

ਲੰਬੇ ਕੋਵਿਡ ਦੇ ਲੱਛਣ ਅਕਸਰ “ਰਿਮਿਸ਼ਨ ਅਤੇ ਰੀਲੈਪਸ” ਪੈਟਰਨ ਅਨੁਸਾਰ ਚੱਲਦੇ ਹਨ, ਮਤਲਬ ਇਹ ਕਿ ਉਹ ਕਿਤੇ ਜ਼ਿਆਦਾ ਬਿਹਤਰ ਹੋ ਸਕਦੇ ਹਨ ਜਾਂ ਇੱਥੋਂ ਤਕ ਕਿ ਪੂਰੀ ਤਰ੍ਹਾਂ ਨਾਲ ਖਤਮ ਹੋ ਸਕਦੇ ਹਨ (ਰਿਮਿਸ਼ਨ), ਪਰ ਫਿਰ ਬਾਅਦ ਵਿੱਚ ਵਾਪਸ ਆ ਸਕਦੇ ਹਨ (ਰੀਲੈਪਸ)। ਰੀਲੈਪਸ ਅਕਸਰ ਉਦੋਂ ਹੁੰਦੇ ਹਨ ਜਦੋਂ ਲੋਕ ਬਹੁਤ ਜ਼ਿਆਦਾ ਕੰਮ ਕਰਦੇ ਹਨ ਕਿਉਂਕਿ ਉਹ ਠੀਕ ਮਹਿਸੂਸ ਕਰਦੇ ਹਨ ਅਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਠੀਕ ਮਹਿਸੂਸ ਕਰਦੇ ਹੋਵੋ, ਉਦੋਂ ਵੀ ਆਪਣੀ ਗਤੀਵਿਧੀ ਨੂੰ ਨਿਯੰਤ੍ਰਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਕੋਈ ਵੀ ਨਵੇਂ ਲੱਛਣਾਂ ਬਾਰੇ ਕਿਸੇ ਸਿਹਤ ਮਾਹਰ – ਤੁਹਾਡੇ ਜੀਪੀ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਗੱਲ ਕਰੋ, ਕਿਉਂਕਿ ਇਹ ਦੂਜੀਆਂ ਬੁਨਿਆਦੀ ਸਮੱਸਿਆਵਾਂ ਦੇ ਸੰਕੇਤ ਹੋ ਸਕਦੇ ਹਨ। ਤੁਹਾਨੂੰ ਸਿਰਫ਼ ਦਵਾਈ ਹੀ ਨਹੀਂ, ਬਲਕਿ ਇਲਾਜ ਦਾ ਕੋਈ ਨਵਾਂ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰਨੀ ਚਾਹੀਦੀ ਹੈ।

ਆਪਣੇ ਲੱਛਣਾਂ ਨਾਲ ਨਜਿੱਠਣਾ

ਲੰਬੇ ਕੋਵਿਡ ਲਈ ਕੋਈ ਇੱਕ, ਮਿਆਰੀ ਇਲਾਜ ਨਹੀਂ ਹੈ। ਹੋ ਸਕਦਾ ਹੈ ਕਿ ਤੁਹਾਡੇ ਹੈਲਥਕੇਅਰ ਪੇਸ਼ੇਵਰ ਤੁਹਾਨੂੰ ਹਾਰਟ ਅਰਿਦਮੀਆ ਭਾਵ ਦਿਲ ਦੀ ਅਨਿਯਮਤ ਧੜਕਣ ਜਾਂ ਦਿਲ ਦੇ ਤੇਜ਼-ਤੇਜ਼ ਫੜਕਣ (ਜਿੱਥੇ ਤੁਹਾਡੇ ਦਿਲ ਦੀ ਧੜਕਣ ਬੇਤਾਲ ਹੁੰਦੀ ਹੈ), ਸਾਹ ਚੜ੍ਹਨ, ਜਾਂ ਬੁਖਾਰ ਵਰਗੇ – ਵਿਅਕਤੀਗਤ ਲੱਛਣਾਂ ਲਈ ਇਲਾਜ ਪ੍ਰਦਾਨ ਕਰ ਸਕਣ।

ਅਜਿਹੀਆਂ ਚੀਜ਼ਾਂ ਵੀ ਹਨ ਜੋ ਤੁਸੀਂ ਆਪਣੇ ਲੱਛਣਾਂ ਨਾਲ ਨਜਿੱਠਣ ਅਤੇ ਆਪਣੀ ਖੁਦ ਦੀ ਰਿਕਵਰੀ ਵਿੱਚ ਸਹਾਇਤਾ ਲਈ ਕਰ ਸਕਦੇ ਹੋ। ਕਿਹੜੀ ਚੀਜ਼ ਦਾ ਅਸਰ ਹੋਵੇਗਾ, ਇਹ ਬੇਸ਼ੱਕ ਹਰ ਵਿਅਕਤੀ ਲਈ ਵੱਖੋ-ਵੱਖਰਾ ਹੋਵੇਗਾ, ਖਾਸ ਤੌਰ ‘ਤੇ ਇਸ ਲਈ, ਕਿਉਂਕਿ ਲੋਕਾਂ ਵਿੱਚ ਲੱਛਣ ਮੌਜੂਦ ਹੋਣ ਦੇ ਤਰੀਕੇ ਬਹੁਤ ਹੀ ਵਿਆਪਕ ਰੂਪ ਵਿੱਚ ਵੱਖਰੇ ਹੁੰਦੇ ਹਨ। ਹਾਲਾਂਕਿ, ਕੁਝ ਮੁੱਖ ਸਿਧਾਂਤ ਜ਼ਰੂਰ ਹਨ ਜੋ ਜ਼ਿਆਦਾਤਰ ਲੋਕਾਂ ਲਈ ਮਦਦਗਾਰ ਹੋਣਗੇ:

ਸਹਿਜੇ-ਸਹਿਜੇ ਆਪਣੀ ਰਫ਼ਤਾਰ ਵਧਾਓ

ਤੁਹਾਡੇ ਲੱਛਣਾਂ ਦੇ ਪ੍ਰਬੰਧਨ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ ਆਪਣੇ ਸਰੀਰ ਨੂੰ ਸੁਣਨਾ-ਸਮਝਣਾ ਅਤੇ ਲੋੜੋਂ ਵੱਧ ਨਾ ਕਰਨਾ। ਜਿੰਨਾ ਹੋ ਸਕੇ, ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਵਿੱਚ ਦਰਦ ਅਤੇ ਥਕਾਵਟ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ, ਤੁਹਾਨੂੰ ਅਰਾਮ ਕਰਨ ਲਈ ਧਿਆਨ ਰੱਖਣਾ ਚਾਹੀਦਾ ਹੈ ਅਤੇ ਖੁਦ ਨੂੰ ਰਿਕਵਰ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਜਿੱਥੇ ਵੀ ਸੰਭਵ ਹੋਵੇ, ਤੁਹਾਨੂੰ ਕੰਮ ਅਤੇ ਗਤੀਵਿਧੀਆਂ ਨੂੰ ਫੈਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇੱਕ ਸਮੇਂ ਵਿੱਚ ਥੋੜ੍ਹਾ ਜਿਹਾ ਕੰਮ ਕਰਨਾ।

ਮਦਦ ਮੰਗੋ

ਤੁਹਾਨੂੰ ਇਕੱਲੇ ਆਪਣੇ ਲੱਛਣਾਂ ਦਾ ਸਾਹਮਣਾ ਕਰਨ ਦੀ ਲੋੜ ਨਹੀਂ ਹੈ। ਇੱਕ ਸਹਿਯੋਗੀ ਨੈੱਟਵਰਕ – ਦੋਸਤ, ਪਰਿਵਾਰ, ਡਾਕਟਰੀ ਪੇਸ਼ੇਵਰ, ਅਤੇ ਹੋਰ ਲੋਕ ਜੋ ਅਜਿਹੀ ਹੀ ਸਥਿਤੀ ਦਾ ਅਨੁਭਵ ਕਰ ਰਹੇ ਹਨ – ਬਣਾਉਣਾ ਜ਼ਿਆਦਾਤਰ ਸਥਿਤੀਆਂ ਵਿੱਚ ਰਿਕਵਰੀ ‘ਤੇ ਇੱਕ ਚੰਗਾ ਆਸ਼ਾਵਾਦੀ ਪ੍ਰਭਾਵ ਪਾਉਂਦਾ ਸਿੱਧ ਹੋਇਆ ਹੈ।

ਆਪਣੇ ਲੱਛਣਾਂ ‘ਤੇ ਨਜ਼ਰ ਰੱਖਣਾ

ਆਪਣੇ ਲੱਛਣਾਂ ਦੀ ਇੱਕ ਡਾਇਰੀ ਰੱਖਣਾ ਬਹੁਤ ਵਧੀਆ ਸਾਧਨ ਹੋ ਸਕਦਾ ਹੈ। ਤੁਹਾਡੇ ਲੱਛਣ ਕਦੋਂ ਸਭ ਤੋਂ ਬਦਤਰ ਹੁੰਦੇ ਹਨ ਅਤੇ ਕਦੋਂ ਇਹ ਬਿਹਤਰ ਹੁੰਦੇ ਹਨ, ਇਸ ਬਾਰੇ ਜਾਣਕਾਰੀ ਨੂੰ ਦੇਖ ਕੇ ਤੁਸੀਂ ਪੈਟਰਨ ਦੇਖਣਾ ਸ਼ੁਰੂ ਕਰ ਸਕਦੇ ਹੋ ਅਤੇ ਉਹਨਾਂ ਚੀਜ਼ਾਂ ਨੂੰ ਉਜਾਗਰ ਕਰ ਸਕਦੇ ਹੋ ਜੋ ਸ਼ਾਇਦ ਲੱਛਣਾਂ ਨੂੰ ਭੜਕਾਉਂਦੀਆਂ ਹੋ ਸਕਦੀਆਂ ਹਨ। ਇਸ ਨਾਲ ਤੁਸੀਂ ਭਵਿੱਖ ਵਿੱਚ ਇਹਨਾਂ ਟ੍ਰਿੱਗਰ ਕਰਨ ਵਾਲੀਆਂ ਚੀਜ਼ਾਂ ਤੋਂ ਬਚਣ ਲਈ ਕਦਮ ਚੁੱਕ ਸਕਦੇ ਹੋ। ਜਦੋਂ ਤੁਸੀਂ ਹੈਲਥਕੇਅਰ ਪੇਸ਼ੇਵਰਾਂ ਨਾਲ ਗੱਲ ਕਰਨ ਲਈ ਆਉਂਦੇ ਹੋ, ਉਸ ਸਮੇਂ ਲਈ ਵੀ ਆਪਣੇ ਲੱਛਣਾਂ ‘ਤੇ ਨਜ਼ਰ ਰੱਖਣੀ ਬੜੀ ਫ਼ਾਇਦੇਮੰਦ ਹੁੰਦੀ ਹੈ, ਕਿਉਂਕਿ ਇਸ ਨਾਲ ਤੁਹਾਨੂੰ ਉਹ ਲੱਛਣ ਯਾਦ ਰਹਿੰਦੇ ਹਨ ਜੋ ਸ਼ਾਇਦ ਤੁਸੀਂ ਭੁੱਲ ਗਏ ਹੋ ਸਕਦੇ ਹੋ ਅਤੇ ਡਾਇਰੀ ਤੁਹਾਨੂੰ ਇਹ ਯਾਦ ਦਿਵਾਉਣ ਵਿੱਚ ਮਦਦ ਕਰਦੀ ਹੈ ਕਿ ਇਸ ਸਮੇਂ ਤੁਹਾਡੇ ਲੱਛਣ ਕਿਵੇਂ ਪ੍ਰਤੀਤ ਹੁੰਦੇ ਹਨ।

ਲੱਛਣਾਂ ਦੇ ਭੜਕਣ ਲਈ ਤਿਆਰ ਰਹੋ

ਤੁਹਾਡੇ ਲੱਛਣ ਭਾਵੇਂ ਜੋ ਵੀ ਹੋਣ, ਤੁਸੀਂ ਉਹਨਾਂ ਦਿਨਾਂ ਦੀ ਤਿਆਰੀ ਲਈ ਕਦਮ ਚੁੱਕ ਸਕਦੇ ਹੋ ਜਦੋਂ ਉਹ ਆਮ ਨਾਲੋਂ ਵੀ ਬਦਤਰ ਹੁੰਦੇ ਹਨ। ਇਸ ਦਾ ਮਤਲਬ ਸ਼ਾਇਦ ਇਹ ਹੋਵੇ:

  • ਕੋਈ ਵੀ ਓਵਰ-ਦਿ-ਕਾਊਂਟਰ ਦਵਾਈਆਂ ਦਾ ਥੋੜ੍ਹਾ ਜਿਹਾ ਸਟਾਕ ਰੱਖਣਾ ਜਿਹਨਾਂ ਦੀ ਲੋੜ ਸ਼ਾਇਦ ਤੁਹਾਨੂੰ ਆਪਣੇ ਲੱਛਣਾਂ ਨਾਲ ਨਜਿੱਠਣ ਲਈ ਪੈ ਸਕਦੀ ਹੈ। ਆਪਣੇ ਫ਼ਾਰਮਾਸਿਸਟ ਨਾਲ ਇਸ ਬਾਰੇ ਚਰਚਾ ਕਰਨਾ ਕਿ ਕੀ ਲੈਣਾ ਚੰਗਾ ਰਹੇਗਾ
  • ਆਪਣੇ ਬਿਸਤਰੇ ਦੇ ਨੇੜੇ ਪਾਣੀ ਦੀ ਬੋਤਲ ਜਾਂ ਗਲਾਸ ਰੱਖਣਾ
  • ਸਿਹਤਮੰਦ ਸਨੈਕਸ ਅਤੇ ਅਸਾਨੀ ਨਾਲ ਤਿਆਰ ਕੀਤੇ ਜਾਣ ਵਾਲੇ ਭੋਜਨ ਦਾ ਸਟਾਕ ਰੱਖਣਾ
  • ਜੇ ਤੁਹਾਨੂੰ ਇਸ ਗੱਲ ਦੀ ਫ਼ਿਕਰ ਹੈ ਕਿ ਤੁਸੀਂ ਇਕੱਲੇ ਹੋ ਤਾਂ ਦੋਸਤਾਂ ਅਤੇ ਗੁਆਂਢੀਆਂ ਨੂੰ ਤੁਹਾਡੇ ਬਾਰੇ ਪਤਾ ਲੈਂਦੇ ਰਹਿਣ ਲਈ ਕਹਿਣਾ

ਸਹਿਯੋਗ ਲੱਭਣਾ

ਚੈਸਟ ਹਾਰਟ ਐਂਡ ਸਟ੍ਰੋਕ ਸਕਾਟਲੈਂਡ ਦੇ ਜ਼ਰੀਏ ਅਤੇ ਹੋਰਨਾਂ ਥਾਂਵਾਂ ‘ਤੇ ਵਿਆਪਕ ਪੱਧਰ ‘ਤੇ ਸਹਿਯੋਗ ਉਪਲਬਧ ਹੈ।

ਐਡਵਾਈਸ ਲਾਈਨ
ਸਾਡੀ ਐਡਵਾਈਸ ਲਾਈਨ ਦੀਆਂ ਨਰਸਾਂ ਤੁਹਾਡੀ ਜਾਂ ਤੁਹਾਡੇ ਪਰਿਵਾਰ ਦੀ ਮਦਦ ਲਈ ਗੁਪਤ ਸਲਾਹ, ਸਹਿਯੋਗ ਅਤੇ ਜਾਣਕਾਰੀ ਮੁਹੱਈਆ ਕਰਦੀਆਂ ਹਨ। ਭਾਵੇਂ ਤੁਹਾਨੂੰ ਗੱਲ ਕਰਨ ਲਈ ਕਿਸੇ ਦੀ ਲੋੜ ਹੋਵੇ ਜਾਂ ਤੁਸੀਂ ਸਥਾਨਕ ਸੇਵਾਵਾਂ ਦੇ ਵੇਰਵੇ ਲੱਭ ਰਹੇ ਹੋਵੋ, ਐਡਵਾਈਸ ਲਾਈਨ ਲੰਬੇ ਕੋਵਿਡ ਨਾਲ ਜੀਵਨ ਜਿਉਣ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਿੱਚ ਮਦਦ ਕਰੇਗੀ।

ਐਡਵਾਈਸ ਲਾਈਨ ਨਰਸਾਂ ਨਾਲ ਸੰਪਰਕ ਕਰਨ ਲਈ:

0808 801 0899 ‘ਤੇ ਕਾਲ ਕਰੋ (ਲੈਂਡਲਾਈਨ ਅਤੇ ਮੋਬਾਈਲ ਤੋਂ ਮੁਫ਼ਤ)

ਈਮੇਲ [email protected]

66777 ‘ਤੇ NURSE ਟੈਕਸਟ ਭੇਜੋ

ਸਹਿਯੋਗੀ ਸਮੂਹ
ਬਹੁਤ ਸਾਰੇ ਲੋਕਾਂ ਨੂੰ ਲੰਬੇ ਕੋਵਿਡ ਦੁਆਰਾ ਪ੍ਰਭਾਵਤ ਹੋਏ ਹੋਰਨਾਂ ਲੋਕਾਂ ਨੂੰ ਮਿਲਣਾ ਫ਼ਾਇਦੇਮੰਦ ਲੱਗਦਾ ਹੈ।

ਚੈਸਟ ਹਾਰਟ ਐਂਡ ਸਟ੍ਰੋਕ ਸਕਾਟਲੈਂਡ ਦਾ ਲੰਬੇ ਕੋਵਿਡ ਲਈ ਸਹਿਯੋਗੀ ਗਰੁੱਪ ਤੁਹਾਡੀ ਸਥਿਤੀ ਨਾਲ ਨਜਿੱਠਣ, ਸਹਿਯੋਗ ਲੱਭਣ ਅਤੇ ਹੋਰਾਂ ਲੋਕਾਂ ਜੋ ਲੰਬੇ ਕੋਵਿਡ ਨਾਲ ਜੀਵਨ ਜੀਅ ਰਹੇ ਹਨ, ਨਾਲ ਗੱਲ ਕਰਨ ਵਿੱਚ ਵੀ ਤੁਹਾਡੀ ਮਦਦ ਲਈ ਇੱਥੇ ਮੌਜੂਦ ਹੈ। ਇਹ ਗਰੁੱਪ ਦੇ ਭਾਗੀਦਾਰਾਂ ਨੂੰ ਸਾਡੇ ਦੁਆਰਾ ਲੰਬੇ ਕੋਵਿਡ ਨਾਲ ਜੀਵਨ ਜੀਅ ਰਹੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਮਦਦ ਅਤੇ ਸਹਿਯੋਗ ਨੂੰ ਅਕਾਰ ਦੇਣ ਵਿੱਚ ਮਦਦ ਕਰਨ ਦੇ ਯੋਗ ਬਣਾਉਂਦਾ ਹੈ।

ਗਰੁੱਪ ਦੀ ਬਾਕਾਇਦਾ ਜ਼ੂਮ ਰਾਹੀਂ ਮੀਟਿੰਗ ਹੁੰਦੀ ਹੈ ਅਤੇ ਇਸਦਾ ਇੱਕ ਫ਼ੇਸਬੁੱਕ ਗਰੁੱਪ ਵੀ ਹੈ। ਵਧੇਰੇ ਜਾਣਕਾਰੀ ਲਈ, ਐਡਵਾਈਸ ਲਾਈਨ ਨਾਲ 0808 801 0899 ‘ਤੇ ਸੰਪਰਕ ਕਰੋ ਜਾਂ [email protected] ‘ਤੇ ਈਮੇਲ ਕਰੋ।

ਬਾਹਰੀ ਸੇਵਾਵਾਂ

ਤੁਹਾਡੀ ਕੋਵਿਡ ਰਿਕਵਰੀ (Your Covid Recovery), ਕੋਵਿਡ-19 ਤੋਂ ਰਿਕਵਰ ਕਰ ਰਹੇ ਲੋਕਾਂ ਨੂੰ ਸਹਿਯੋਗ ਦੇਣ ਲਈ ਤਿਆਰ ਕੀਤੀ ਗਈ ਇੱਕ ਵੈਬਸਾਈਟ ਹੈ, ਜੋ ਲੰਬੇ ਕੋਵਿਡ ਦੇ ਅੱਗੇ ਵਧਦੇ ਨਾਲ ਇਸ ਬਾਰੇ ਹੋਰ ਸਰੋਤ ਤਿਆਰ ਕਰ ਰਹੀ ਹੈ, ਅਤੇ ਇਹ ਕੋਵਿਡ-19 ਤੋਂ ਰਿਕਵਰ ਕਰਨ ਲਈ ਆਮ ਸਹਿਯੋਗ ਵਾਸਤੇ ਇੱਕ ਸ਼ਾਨਦਾਰ ਸਰੋਤ ਹੈ। ਹਾਲਾਂਕਿ, ਇਹ ਕਸਰਤ ਥੈਰੇਪੀ ਦੀ ਸਿਫ਼ਾਰਸ਼ ਕਰਦੀ ਹੈ, ਜਿਸ ਨੂੰ ਸਬੂਤਾਂ ਦੁਆਰਾ ਸਮਰਥਨ ਹਾਸਲ ਨਹੀਂ ਹੈ।

ਕੰਮ ‘ਤੇ ਵਾਪਸ ਜਾਣਾ

ਸੋਸਾਇਟੀ ਆਫ਼ ਆਕਿਊਪੇਸ਼ਨਲ ਮੈਡੀਸਿਨ ਨੇ ਕੋਰੋਨਾਵਾਇਰਸ ਅਤੇ ਲੰਬੇ ਕੋਵਿਡ ਨਾਲ ਨਜਿੱਠਣ ਵਾਲੇ ਕਈ ਦਸਤਾਵੇਜ਼ ਤਿਆਰ ਕੀਤੇ ਹਨ। ਤੁਹਾਨੂੰ ਹੈਲਦੀ ਵਰਕਿੰਗ ਲਾਈਵਜ਼ ਸਕਾਟਲੈਂਡ (Healthy Working Lives Scotland) ਦੇ ਜ਼ਰੀਏ ਵੀ ਸਹਾਇਤਾ ਮਿਲ ਸਕਦੀ ਹੈ।

ਲੌਂਗ ਕੋਵਿਡ ਪਾਥਵੇਅ (Long Covid Pathway)
ਸਾਡੇ ਮੋਹਰੀ ਲੌਂਗ ਕੋਵਿਡ ਪਾਥਵੇਅ ਭਾਈਵਾਲੀ ਪਾਇਲਟ ਬਾਰੇ ਹੋਰ ਜਾਣਕਾਰੀ ਲਓ

This page was last updated on November 29, 2023 and is under regular review. If you feel anything is missing or incorrect, please contact [email protected] to provide feedback.

Share this page
  • Was this helpful ?
  • YesNo