Skip to main content

ਚੁਸਤ-ਫੁਰਤ ਰਹਿਣਾ

ਸਰੀਰਕ ਗਤੀਵਿਧੀ ਤੁਹਾਡੇ ਸਰੀਰ ਦੀ ਕੋਈ ਵੀ ਅਜਿਹੀ ਹਿਲਜੁਲ ਹੁੰਦੀ ਹੈ ਜਿਸ ਵਿੱਚ ਊਰਜਾ ਦਾ ਇਸਤੇਮਾਲ ਹੁੰਦਾ ਹੈ। ਇਹ ਸੈਰ, ਬਾਗਬਾਨੀ ਜਾਂ ਖਰੀਦਦਾਰੀ, ਜਾਂ ਸਵਿਮਿੰਗ, ਟੈਨਿਸ ਖੇਡਣ ਜਾਂ ਜੌਗਿੰਗ ਵਰਗੀਆਂ ਕਸਰਤਾਂ ਜਿੰਨੀ ਸੌਖੀ ਹੋ ਸਕਦੀ ਹੈ। ਸਰੀਰਕ ਗਤੀਵਿਧੀ ਇੱਕ ਮਜ਼ੇਦਾਰ, ਰੋਮਾਂਚਕ, ਸਮਾਜਕ ਮੇਲਜੋਲ ਦਾ ਅਨੁਭਵ ਹੋ ਸਕਦੀ ਹੈ, ਅਤੇ ਚੁਸਤ-ਫੁਰਤ ਰਹਿਣ ਨਾਲ ਤੁਹਾਡੀ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ।

ਆਪਣੀ ਗਤੀਵਿਧੀ ਅਤੇ ਕਸਰਤ ਨੂੰ ਵਧਾਉਣਾ ਡਰਾਉਣ ਵਾਲਾ ਲੱਗ ਸਕਦਾ ਹੈ, ਖਾਸ ਕਰਕੇ ਜੇ ਫ਼ਿਟਨੈੱਸ ਵਿੱਚ ਆਮ ਤੌਰ ‘ਤੇ ਤੁਹਾਡੀ ਦਿਲਚਸਪੀ ਨਹੀਂ ਹੈ। ਹਾਲਾਂਕਿ, ਤੁਹਾਡੇ ਲਈ ਫ਼ਿੱਟ ਅਤੇ ਸਿਹਤਮੰਦ ਰਹਿਣ ਦੇ ਅਜਿਹੇ ਬਹੁਤ ਸਾਰੇ ਤਰੀਕੇ ਹਨ ਜੋ ਤੁਹਾਡੇ ਲਈ ਕੰਮ ਕਰਦੇ ਹਨ।

ਇਸ ਤੋਂ ਪਹਿਲਾਂ ਕਿ ਤੁਸੀਂ ਸ਼ੁਰੂਆਤ ਕਰੋ…

ਆਪਣੇ ਜੀਪੀ ਅਤੇ ਦੇਖਭਾਲ ਟੀਮ ਨੂੰ ਯਾਦ ਨਾਲ ਕਿਸੇ ਵੀ ਅਜਿਹੀ ਕਸਰਤ ਬਾਰੇ ਸੂਚਨਾ ਦਿਓ ਜੋ ਤੁਸੀਂ ਕਰ ਰਹੇ ਹੋ। ਪੱਕਾ ਕਰੋ ਕਿ ਉਹ ਜੋ ਵੀ ਸਲਾਹ ਦਿੰਦੇ ਹਨ, ਤੁਸੀਂ ਉਸਨੂੰ ਮੰਨਦੇ ਹੋ।

ਸ਼ਰਾਬ ਪੀਣਾ ਅਤੇ ਤਮਾਕੂਨੋਸ਼ੀ ਵੀ ਕਸਰਤ ਅਤੇ ਵਧੇਰੇ ਸਿਹਤਮੰਦ ਜੀਵਨ ਵੱਲ ਤੁਹਾਡੇ ਕਦਮਾਂ ਨੂੰ ਕਿਤੇ ਵਧੇਰੇ ਮੁਸ਼ਕਲ ਬਣਾ ਸਕਦੇ ਹਨ। ਜੇ ਤੁਸੀਂ ਸਰੀਰਕ ਗਤੀਵਿਧੀ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੁੰਦੇ ਹੋ, ਤਾਂ ਅਲਕੋਹਲ ਦੇ ਸੇਵਨ ਨੂੰ ਘਟਾਉਣ ਅਤੇ ਤਮਾਕੂਨੋਸ਼ੀ ਨੂੰ ਛੱਡਣ ਦੀ ਕੋਸ਼ਿਸ਼ ਕਰੋ।

ਚੀਜ਼ਾਂ ਨੂੰ ਉਸ ਰਫ਼ਤਾਰ ਨਾਲ ਕਰਨਾ ਯਾਦ ਰੱਖੋ ਜੋ ਤੁਹਾਡੇ ਲਈ ਠੀਕ ਹੋਵੇ। ਹੌਲੀ-ਹੌਲੀ ਸ਼ੁਰੂ ਕਰੋ ਅਤੇ ਸਹਿਜੇ-ਸਹਿਜੇ ਵਧੇਰੇ ਚੁਣੌਤੀਪੂਰਨ ਕਸਰਤਾਂ ਕਰਨੀਆਂ ਸ਼ੁਰੂ ਕਰੋ, ਅਤੇ ਨਿਯਮਤ ਬ੍ਰੇਕਾਂ ਲੈਣਾ ਵੀ ਨਾ ਭੁੱਲੋ। ਜੇ ਕਸਰਤ ਕਰਕੇ ਤੁਹਾਨੂੰ ਲਗਾਤਾਰ ਦਰਦ ਰਹਿ ਰਿਹਾ ਹੈ ਜਾਂ ਸਾਹ ਲੈਣਾ ਔਖਾ ਹੋ ਰਿਹਾ ਹੈ, ਜਾਂ ਕਿਸੇ ਹੋਰ ਢੰਗ ਨਾਲ ਤੁਹਾਡੇ ਲੱਛਣ ਵਿਗੜ ਰਹੇ ਹਨ, ਤਾਂ ਕਸਰਤ ਜਾਰੀ ਰੱਖਣ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਿਹਤ ਪੇਸ਼ੇਵਰ ਨਾਲ ਗੱਲ ਕਰੋ।

ਵਧੇਰੇ ਕਸਰਤ ਕਿਉਂ ਕੀਤੀ ਜਾਵੇ?

ਸਰੀਰਕ ਗਤੀਵਿਧੀ ਤੋਂ ਹਰ ਕੋਈ ਫ਼ਾਇਦਾ ਉਠਾ ਸਕਦਾ ਹੈ। ਤੁਹਾਡੀ ਉਮਰ, ਤੁਹਾਡੀ ਡੀਲ-ਡੌਲ, ਤੁਹਾਡਾ ਭਾਰ, ਜਾਂ ਤੁਹਾਡੀ ਗਤੀਵਿਧੀ ਦਾ ਪੱਧਰ ਭਾਵੇਂ ਕੁਝ ਵੀ ਕਿਉਂ ਨਾ ਹੋਏ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਦਿਨ ਵਿੱਚ ਸਿਰਫ਼ 30 ਮਿੰਟ ਦੀ ਕਸਰਤ ਜਾਂ ਕੋਈ ਗਤੀਵਿਧੀ ਤੁਹਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਸੁਧਾਰ ਲਿਆ ਸਕਦੀ ਹੈ। ਇਹ:

  • ਤੁਹਾਡੇ ਦਿਲ ਨੂੰ ਵਧੇਰੇ ਮਜ਼ਬੂਤ ਬਣਾਉਂਦੀ ਅਤੇ ਖੂਨ ਦੇ ਸੰਚਾਰ (ਸਰਕੁਲੇਸ਼ਨ) ਵਿੱਚ ਸੁਧਾਰ ਲਿਆਉਂਦੀ ਹੈ
  • ਤੁਹਾਡੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਘਟਾਉਂਦੀ ਹੈ
  • ਤੁਹਾਡੇ ਸੰਤੁਲਨ ਅਤੇ ਤਾਲਮੇਲ ਵਿੱਚ ਸੁਧਾਰ ਲਿਆਉਂਦੀ ਹੈ
  • ਇੱਕ ਸਿਹਤਮੰਦ ਭਾਰ ਤਕ ਪਹੁੰਚਣ ਅਤੇ ਉਸ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ
  • ਅਜਿਹੇ ਹਾਰਮੋਨ ਪੈਦਾ ਕਰਦੀ ਹੈ ਜਿਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ
  • ਤੁਹਾਡੇ ਤਣਾਅ ਦੇ ਪੱਧਰਾਂ ਨੂੰ ਘਟਾਉਂਦੀ ਅਤੇ ਸ਼ਾਂਤ ਹੋਣ ਵਿੱਚ ਤੁਹਾਡੀ ਮਦਦ ਕਰਦੀ ਹੈ
  • ਤੁਹਾਡੀ ਸਾਹ ਕਿਰਿਆ ਵਿੱਚ ਸੁਧਾਰ ਲਿਆਉਂਦੀ ਹੈ
  • ਤੁਹਾਡੀ ਸਮੁੱਚੀ ਤਾਕਤ ਅਤੇ ਸਰੀਰਕ ਸਮਰੱਥਾ ਵਿੱਚ ਸੁਧਾਰ ਲਿਆਉਂਦੀ ਹੈ
  • ਦਿਲ ਦੀ ਬਿਮਾਰੀ, ਸਟ੍ਰੋਕ, ਅਤੇ ਟਾਈਪ 2 ਡਾਇਬਟੀਜ਼ ਵਰਗੀਆਂ ਗੰਭੀਰ ਸਿਹਤ ਸਥਿਤੀਆਂ ਹੋਣ ਦੇ ਤੁਹਾਡੇ ਜੋਖਮ ਨੂੰ ਘਟਾਉਂਦੀ ਹੈ
  • ਸਿਹਤ ਸਮੱਸਿਆਵਾਂ ਨੂੰ ਨਿਯੰਤ੍ਰਤ ਕਰਕੇ ਉਹਨਾਂ ਵਿੱਚ ਸੁਧਾਰ ਲਿਆਉਂਦੀ ਹੈ ਜੋ ਤੁਹਾਨੂੰ ਪਹਿਲਾਂ ਤੋਂ ਹੋ ਸਕਦੀਆਂ ਹਨ

ਕੀ ਤੁਹਾਨੂੰ ਪਤਾ ਸੀ ਕਿ ਜੋ ਲੋਕ ਨਿਯਮਤ ਸਰੀਰਕ ਗਤੀਵਿਧੀ ਕਰਦੇ ਹਨ, ਉਹ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖਮ ਨੂੰ 35% ਤਕ ਘਟਾ ਸਕਦੇ ਹਨ?

ਮੈਨੂੰ ਕਿੰਨੀ ਕੁ ਸਰੀਰਕ ਗਤੀਵਿਧੀ ਕਰਨੀ ਚਾਹੀਦੀ ਹੈ?

ਤੁਸੀਂ ਕਿੰਨੀ ਸਰੀਰਕ ਗਤੀਵਿਧੀ ਕਰਨ ਵਿੱਚ ਸਮਰੱਥ ਹੋ, ਇਹ ਬਹੁਤ ਸਾਰੇ ਕਾਰਕਾਂ ‘ਤੇ ਨਿਰਭਰ ਕਰੇਗਾ, ਪਰ ਜ਼ਿਆਦਾਤਰ ਲੋਕਾਂ ਨੂੰ ਹਫ਼ਤੇ ਵਿੱਚ ਲਗਭਗ 150 ਮਿੰਟ ਦਰਮਿਆਨੀ ਕਸਰਤ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਤੁਹਾਨੂੰ ਇਸ ਨੂੰ ਕਈ ਸੈਸ਼ਨਾਂ ਵਿੱਚ ਵੰਡਣਾ ਸ਼ਾਇਦ ਸਭ ਤੋਂ ਅਸਾਨ ਲੱਗੇ, ਉਦਾਹਰਣ ਲਈ ਹਰ ਰੋਜ਼ ਕੰਮ ਤੋਂ ਪਹਿਲਾਂ 30 ਮਿੰਟ ਦੀ ਸੈਰ। ਦਰਮਿਆਨੀ ਕਸਰਤ ਨਾਲ ਤੁਹਾਡੀ ਸਾਹ ਕਿਰਿਆ ਅਤੇ ਦਿਲ ਦੀ ਧੜਕਣ ਦੀ ਦਰ ਵਧਣੀ ਚਾਹੀਦੀ ਹੈ ਪਰ ਤੁਸੀਂ ਫਿਰ ਵੀ ਗੱਲ ਕਰਨ ਦੇ ਯੋਗ ਹੋਣੇ ਚਾਹੀਦੇ ਹੋ – ਗਤੀਵਿਧੀਆਂ ਵਿੱਚ ਸਵਿਮਿੰਗ, ਸੈਰ, ਜਾਂ ਸਾਈਕਲਿੰਗ ਸ਼ਾਮਲ ਹੋ ਸਕਦੇ ਹਨ।

ਜੇ ਤੁਸੀਂ ਆਪਣੇ ਆਪ ਨੂੰ ਥੋੜ੍ਹੀ ਹੋਰ ਚੁਣੌਤੀ ਦੇਣੀ ਚਾਹੁੰਦੇ ਹੋ, ਤਾਂ ਇਸਦੀ ਬਜਾਏ ਹਫ਼ਤੇ ਵਿੱਚ ਲਗਭਗ 75 ਮਿੰਟ ਦੀ ਜ਼ੋਰਦਾਰ ਗਤੀਵਿਧੀ ਦਾ ਟੀਚਾ ਰੱਖੋ। ਇਹ ਉਹ ਗਤੀਵਿਧੀ ਹੈ ਜਿਸ ਨਾਲ ਤੁਹਾਡੀ ਸਾਹ ਕਿਰਿਆ ਤੇਜ਼ ਹੁੰਦੀ ਹੈ ਅਤੇ ਗੱਲਬਾਤ ਕਰਨੀ ਮੁਸ਼ਕਲ ਹੁੰਦੀ ਹੈ – ਉਦਾਹਰਣ ਲਈ, ਦੌੜਨਾ, ਖੇਡਾਂ ਖੇਡਣਾ, ਜਾਂ ਪਹਾੜਾਂ ‘ਤੇ ਹਾਈਕਿੰਗ।

ਤੁਹਾਨੂੰ ਹਫ਼ਤੇ ਵਿੱਚ 2 ਜਾਂ ਵੱਧ ਦਿਨਾਂ ਲਈ  ਤਾਕਤ ਵਧਾਉਣ ਦਾ ਵੀ ਟੀਚਾ ਰੱਖਣਾ ਚਾਹੀਦਾ ਹੈ। ਤਾਕਤ ਵਾਲੀਆਂ ਕਸਰਤਾਂ ਤੁਹਾਡੀਆਂ ਮਾਸਪੇਸ਼ੀਆਂ, ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀਆਂ ਹਨ। ਇਹਨਾਂ ਵਿੱਚ ਵਜ਼ਨ ਵਰਤਣ, ਕਰਿਆਨੇ ਦਾ ਸਮਾਨ ਚੁੱਕਣਾ, ਜਾਂ ਯੋਗਾ ਕਰਨ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਜੇ ਤੁਹਾਡੀ ਉਮਰ 65 ਜਾਂ ਇਸ ਤੋਂ ਵੱਧ ਹੈ, ਤਾਂ ਹਫ਼ਤੇ ਵਿੱਚ 2 ਦਿਨ ਤੁਹਾਨੂੰ ਅਜਿਹੀਆਂ ਗਤੀਵਿਧੀਆਂ ਕਰਨ ਦੀ ਚੋਣ ਕਰਨੀ ਚਾਹੀਦੀ ਹੈ ਜੋ ਤੁਹਾਡੇ ਸੰਤੁਲਨ ਅਤੇ ਲਚਕਤਾ ਵਿੱਚ ਵੀ ਮਦਦ ਕਰਦੀਆਂ ਹੋਣ। ਉਦਾਹਰਣਾਂ ਵਿੱਚ ਬਾਓਲਜ਼, ਤਾਈ ਚੀ, ਯੋਗਾ, ਪਿਲੇਟਸ, ਜਾਂ ਡਾਂਸ ਕਰਨਾ ਸ਼ਾਮਲ ਹਨ।

ਵਧੇਰੇ ਕਸਰਤ ਕਰਨ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ

ਸਾਰੀ ਕਸਰਤ ਦੇ ਨਾਲ-ਨਾਲ, ਤੁਹਾਨੂੰ ਖੁਦ ਨਾਲ ਸਬਰ ਰੱਖਣ ਦੀ ਲੋੜ ਹੁੰਦੀ ਹੈ। ਤੁਸੀਂ ਇੱਕ ਮਹੀਨੇ ਬਾਅਦ ਕੋਈ ਮੈਰਾਥਨ ਦੌੜਾਕ ਨਹੀਂ ਬਣ ਜਾਓਗੇ, ਪਰ ਲਗਾਤਾਰ ਕਸਰਤ ਤੋਂ ਬਾਅਦ, ਤੁਸੀਂ ਅਜਿਹੇ ਵਿਅਕਤੀ ਹੋਵੋਗੇ ਜਿਸਨੂੰ ਖੁਦ ਨੂੰ ਬਿਹਤਰ ਮਹਿਸੂਸ ਹੋਵੇਗਾ। ਛੋਟੀ ਸ਼ੁਰੂਆਤ ਕਰੋ, ਅਤੇ ਸਮੇਂ ਦੇ ਨਾਲ-ਨਾਲ ਦੇਖੋਗੇ ਕਿ ਤੁਹਾਡੇ ਸਰੀਰ ਅਤੇ ਦਿਮਾਗ ਵਿੱਚ ਤਬਦੀਲੀਆਂ ਵਧਦੀਆਂ ਜਾਣਗੀਆਂ!

ਕੁਝ ਤਰੀਕੇ ਜਿਹਨਾਂ ਨਾਲ ਤੁਸੀਂ ਵਧੇਰੇ ਕਸਰਤ ਕਰਨੀ ਸ਼ੁਰੂ ਕਰ ਸਕਦੇ ਹੋ, ਉਹਨਾਂ ਵਿੱਚ ਸ਼ਾਮਲ ਹਨ:

  • ਲਿਫ਼ਟ ਲੈਣ ਦੀ ਬਜਾਏ, ਪੌੜੀਆਂ ਚੜ੍ਹੋ।
  • 30 ਮਿੰਟਾਂ ਲਈ ਆਪਣੇ ਆਂਢ-ਗੁਆਂਢ ਵਿੱਚ ਸੈਰ ਕਰੋ – ਜਾਂ ਆਪਣੇ ਪੂਰੇ ਦਿਨ ਵਿੱਚ ਤਿੰਨ ਵਾਰ 10-ਮਿੰਟ ਦੀ ਸੈਰ ਕਰੋ।
  • ਗਤੀਸ਼ੀਲ ਅਤੇ ਐਰੋਬਿਕ ਕਸਰਤਾਂ ਚੁਣਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀਂ ਸਾਹ ਰਾਹੀਂ ਵਧੇਰੇ ਹਵਾ ਅੰਦਰ ਲੈ ਰਹੇ ਹੋਵੋ ਅਤੇ ਆਪਣੇ ਅੰਗਾਂ ਨੂੰ ਹਿਲਾ ਸਕੋ। ਇਹਨਾਂ ਵਿੱਚ ਸੈਰ ਕਰਨਾ, ਡਾਂਸ ਕਰਨਾ, ਸਵਿਮਿੰਗ, ਅਤੇ ਸਾਈਕਲਿੰਗ ਸ਼ਾਮਲ ਹਨ।
  • ਅਜਿਹੀਆਂ ਕਸਰਤਾਂ ਲੱਭੋ ਜਿਹਨਾਂ ਦਾ ਤੁਸੀਂ ਅਨੰਦ ਮਾਣਦੇ ਹੋ, ਅਤੇ ਜੋ ਕੰਮ ਵਾਂਗ ਮਹਿਸੂਸ ਨਹੀਂ ਹੁੰਦੀਆਂ।
  • ਅਜਿਹੇ ਕਲੱਬਾਂ ਜਾਂ ਕਲਾਸਾਂ ਵਿੱਚ ਸ਼ਾਮਲ ਹੋਵੋ ਜਿੱਥੇ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਪ੍ਰੇਰਤ ਹੋ ਸਕਦੇ ਹੋ, ਅਤੇ ਮਸਤੀ ਵੀ ਕਰ ਸਕਦੇ ਹੋ!

ਆਪਣੇ ਆਪ ਲਈ ਨਰਮੀ ਵਰਤੋਂ। ਜੇ ਤੁਸੀਂ ਇੱਕ ਜਾਂ ਦੋ ਦਿਨ ਕਸਰਤ ਨਹੀਂ ਕਰ ਪਾਉਂਦੇ ਹੋ, ਜਾਂ ਨਹੀਂ ਕਰਦੇ ਹੋ ਅਤੇ ਨਾਲ ਹੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਰਨੀ ਚਾਹੀਦੀ ਹੈ, ਤਾਂ ਕੋਈ ਗੱਲ ਨਹੀਂ! ਤੁਸੀਂ ਹਮੇਸ਼ਾ ਕੱਲ੍ਹ ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ।

ਆਪਣੇ ਆਪ ਲਈ ਛੋਟੇ, ਸਾਰਥਕ ਟੀਚੇ ਰੱਖੋ (ਉਦਾਹਰਣ ਵਜੋਂ, ਇੱਕ ਡਾਂਸ ਰੁਟੀਨ ਦਾ ਪ੍ਰਬੰਧ ਕਰਨਾ ਜਾਂ ਇੱਕ ਹਫ਼ਤੇ ਲਈ ਹਰ ਰੋਜ਼ ਸੈਰ ਕਰਨਾ) ਅਤੇ ਜਦੋਂ ਤੁਸੀਂ ਉਹਨਾਂ ਟੀਚਿਆਂ ਨੂੰ ਹਾਸਲ ਕਰ ਲੈਂਦੇ ਹੋ ਤਾਂ ਆਪਣੇ ਆਪ ਨੂੰ ਇਨਾਮ ਦਿਓ, ਪਰ ਅਸਫ਼ਲ ਹੋਣ ਲਈ ਖੁਦ ਨੂੰ ਸਜ਼ਾ ਨਾ ਦਿਓ। ਤੁਹਾਡੀ ਕਸਰਤ ਦੀ ਰੁਟੀਨ ਜਿੰਨੀ ਜ਼ਿਆਦਾ ਮਜ਼ੇਦਾਰ ਹੋਵੇਗੀ, ਓਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਇਸਨੂੰ ਜਾਰੀ ਰੱਖ ਸਕੋਗੇ।

ਕਿਸੇ ਹੋਰ ਨਾਲ ਕਸਰਤ ਕਰਕੇ ਵੀ ਮਦਦ ਮਿਲ ਸਕਦੀ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਲਈ ਕਸਰਤ ਵਧੇਰੇ ਮਜ਼ੇਦਾਰ ਬਣ ਜਾਂਦੀ ਹੈ, ਅਤੇ ਇਸਦਾ ਮਤਲਬ ਹੈ ਕਿ ਤੁਸੀਂ ਇੱਕ ਦੂਜੇ ਦੀ ਕਸਰਤ ਦਾ ਹਿਸਾਬ ਰੱਖ ਸਕਦੇ ਹੋ – ਅਤੇ ਇਸਦੇ ਨਾਲ ਹੀ ਜਦੋਂ ਤੁਸੀਂ ਕਿਸੇ ਟੀਚੇ ਨੂੰ ਪੂਰਾ ਕਰਦੇ ਹੋ ਤਾਂ ਜਸ਼ਨ ਮਨਾਉਣ ਲਈ ਤੁਹਾਡੇ ਨਾਲ ਕੋਈ ਹੁੰਦਾ ਹੈ!

ਸਵੈ-ਸੰਭਾਲ ‘ਤੇ ਅਮਲ ਕਰੋ

ਸੱਟ ਤੋਂ ਬਚਣ ਲਈ ਹਰ ਸੈਸ਼ਨ ਵਾਸਤੇ ਸਰੀਰ ਵਿੱਚ ਗਰਮੀ ਲਿਆਉਣਾ (ਵਾਰਮ ਅੱਪ) ਅਤੇ ਬਾਅਦ ਵਿੱਚ ਸਰੀਰ ਨੂੰ ਸ਼ਾਂਤ ਕਰਨਾ (ਕੂਲ ਡਾਊਨ) ਯਾਦ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਲਗਾਤਾਰ ਸਰਗਰਮ ਰਹਿੰਦੇ ਹੋ ਅਤੇ ਫ਼ਿਟਨੈੱਸ ਲਈ ਬਗੈਰ ਕਿਸੇ ਰੁਕਾਵਟ ਦੇ ਵਧੇਰੇ ਸਿਹਤਮੰਦ ਆਦਤਾਂ ਬਣਾਉਂਦੇ ਹੋ।

ਹਮੇਸ਼ਾ ਆਪਣੇ ਕੋਲ ਜਾਂ ਨੇੜੇ ਪਾਣੀ ਦੀ ਭਰੀ ਬੋਤਲ ਰੱਖੋ, ਅਤੇ ਇਹ ਪੱਕਾ ਕਰੋ ਕਿ ਜਿੰਨੀ ਵਾਰੀ ਹੋ ਸਕੇ, ਤੁਸੀਂ ਪਾਣੀ ਪੀਂਦੇ ਹੋ, ਭਾਵੇਂ ਇਹ ਮਹਿਜ਼ ਬਹੁਤ ਸਾਰੇ ਛੋਟੇ-ਛੋਟੇ ਘੁੱਟ ਹੀ ਕਿਉਂ ਨਾ ਹੋਣ।
ਅਰਾਮਦੇਹ ਕਪੜੇ ਅਤੇ ਜੁੱਤੇ ਪਹਿਨੋ, ਅਤੇ ਜੇ ਹੋ ਸਕੇ ਤਾਂ ਕਸਰਤ ਕਰਨ ਲਈ ਇੱਕ ਅਰਾਮਦੇਹ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਜਿਮ ਜਾ ਕੇ ਬੇਅਰਾਮੀ ਹੁੰਦੀ ਹੈ ਤਾਂ ਜਿਮ ਜਾਣ ਦੀ ਲੋੜ ਨਹੀਂ ਹੈ – ਬਹੁਤ ਸਾਰੀਆਂ ਕਸਰਤਾਂ ਤੁਹਾਡੇ ਆਪਣੇ ਘਰ ਵਿੱਚ ਹੀ ਕੀਤੀਆਂ ਜਾ ਸਕਦੀਆਂ ਹਨ।

ਆਪਣੇ ਕਸਰਤ ਦੇ ਪੂਰੇ ਸੈਸ਼ਨ ਦੌਰਾਨ ਸਹਿਜੇ-ਸਹਿਜੇ ਆਪਣੀ ਰਫ਼ਤਾਰ ਵਧਾਓ।

ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਬਹੁਤੀ ਜ਼ਿਆਦਾ ਕਸਰਤ ਨਾ ਕਰੋ। ਜੇ ਤੁਹਾਨੂੰ ਕੋਈ ਦਰਦ ਜਾਂ ਬਹੁਤ ਜ਼ਿਆਦਾ ਬੇਅਰਾਮੀ ਮਹਿਸੂਸ ਹੋਣ ਲੱਗਦੀ ਹੈ, ਤਾਂ ਕਸਰਤ ਕਰਨੀ ਤੁਰੰਤ ਬੰਦ ਕਰ ਦਿਓ।

ਉਤਸ਼ਾਹਤ ਰਹਿਣ ਲਈ ਸੁਝਾਅ

ਕਸਰਤ ਦੀ ਰੁਟੀਨ ਨੂੰ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ, ਪਰ ਪ੍ਰੇਰਤ ਰਹਿਣਾ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਹਿੱਸੇ ਵਜੋਂ ਸਰੀਰਕ ਗਤੀਵਿਧੀ ਦਾ ਅਨੰਦ ਮਾਣਨ ਦਾ ਤਰੀਕਾ ਲੱਭਣਾ ਮਹੱਤਵਪੂਰਨ ਹੈ।

ਪ੍ਰੇਰਤ ਰਹਿਣ ਵਿੱਚ ਤੁਹਾਡੀ ਮਦਦ ਲਈ ਸਾਡੇ ਕੁਝ ਸੁਝਾਅ ਇਹ ਰਹੇ:

  • ਦਿਲਚਸਪੀ ਬਣਾਈ ਰੱਖਣ ਲਈ ਕੋਈ ਨਵੀਂ ਕਸਰਤ, ਖੇਡ ਜਾਂ ਸਰੀਰਕ ਗਤੀਵਿਧੀ ਕਰ ਕੇ ਦੇਖੋ
  • ਕਿਸੇ ਦੋਸਤ ਦੇ ਨਾਲ ਕਸਰਤ ਕਰੋ ਜਾਂ ਕਿਸੇ ਸਥਾਨਕ ਜਿਮ ਜਾਂ ਕਸਰਤ ਵਾਲੇ ਗਰੁੱਪ ਨੂੰ ਲੱਭੋ, ਜਿਵੇਂ ਸੈਰ ਕਰਨ ਵਾਲਾ ਗਰੁੱਪ
  • ਆਪਣੇ ਕਦਮਾਂ ਅਤੇ ਤੈਅ ਕੀਤੀ ਦੂਰੀ ਨੂੰ ਗਿਣਨ ਲਈ ਪੈਡੋਮੀਟਰ ਜਾਂ ਐਪ ਵਰਤਣ ਦੀ ਕੋਸ਼ਿਸ਼ ਕਰੋ
  • ਧਿਆਨ ਕੇਂਦ੍ਰਿਤ ਰਹਿਣ ਅਤੇ ਆਪਣੀ ਤਰੱਕੀ ਨੂੰ ਦੇਖਣ ਵਿੱਚ ਮਦਦ ਲਈ ਇੱਕ ਡਾਇਰੀ ਰੱਖੋ
  • ਛੋਟੇ, ਵਾਸਤਵਿਕ ਉਦੇਸ਼ ਜਾਂ ਟੀਚੇ ਤੈਅ ਕਰੋ
  • ਉਪਲਬਧੀਆਂ ਦੇ ਜਸ਼ਨ ਮਨਾਓ, ਭਾਵੇਂ ਇਹ ਕਿੰਨੀਆਂ ਹੀ ਛੋਟੀਆਂ ਕਿਉਂ ਨਾ ਹੋਣ
  • ਆਪਣੇ ਸਰੀਰ ਨੂੰ ਰਿਕਵਰ ਕਰਨ ਵਿੱਚ ਮਦਦ ਲਈ ਅਰਾਮ ਦੇ ਦਿਨ ਰੱਖੋ
  • ਸੁਧਾਰ ਦੇ ਵੱਖੋ-ਵੱਖਰੇ ਸੰਕੇਤਾਂ ਨੂੰ ਲੱਭੋ ਜਿਵੇਂ ਕਿ ਤੁਹਾਡੇ ਕੋਲ ਕਿੰਨੀ ਕੁ ਊਰਜਾ ਹੈ ਜਾਂ ਤੁਸੀਂ ਕਿੰਨੀ ਕੁ ਗਤੀਵਿਧੀ ਕਰ ਸਕਦੇ ਹੋ
  • ਯਾਦ ਰੱਖੋ ਕਿ ਭਾਵੇਂ ਤੁਹਾਨੂੰ ਸ਼ੀਸ਼ੇ ਵਿੱਚ ਤਬਦੀਲੀਆਂ ਨਾ ਵੀ ਦਿਖਾਈ ਦੇਣ, ਪਰ ਫਿਰ ਵੀ ਤਬਦੀਲੀਆਂ ਸਰੀਰ ਦੇ ਅੰਦਰ ਵਾਪਰ ਰਹੀਆਂ ਹੁੰਦੀਆਂ ਹਨ

This page was last updated on November 29, 2023 and is under regular review. If you feel anything is missing or incorrect, please contact [email protected] to provide feedback.

Share this page
  • Was this helpful ?
  • YesNo