ਦਿਲ ਦੀ ਅਨਿਯਮਤ ਧੜਕਣ (Heart Arrhythmia) ਕੀ ਹੁੰਦੀ ਹੈ?
ਦਿਲ ਦੀ ਅਨਿਯਮਤ ਧੜਕਣ ਭਾਵ ਹਾਰਟ ਅਰਿਦਮੀਆ (ay-RITH-me-ah) ਉਦੋਂ ਹੁੰਦਾ ਹੈ ਜਦੋਂ ਤੁਹਾਡੇ ਦਿਲ ਦੀ ਧੜਕਣ ਅਨਿਯਮਤ ਜਾਂ ਬੇਤਾਲ ਹੋ ਜਾਂਦੀ ਹੈ। ਇਸਦਾ ਮਤਲਬ ਹੋ ਸਕਦਾ ਹੈ ਦਿਲ ਦੀ ਤੇਜ਼ ਧੜਕਣ, ਬਹੁਤ ਹੌਲੀ ਧੜਕਣ, ਜਾਂ “ਦਿਲ ਦਾ ਤੇਜ਼-ਤੇਜ਼ ਫੜਕਣਾ” (ਜਿੱਥੇ ਤੁਹਾਡਾ ਦਿਲ ਥੋੜ੍ਹੇ ਸਮੇਂ ਲਈ ਬਹੁਤ ਜ਼ੋਰ ਨਾਲ, ਤੇਜ਼ ਜਾਂ ਅਨਿਯਮਤ ਤੌਰ ‘ਤੇ ਧੜਕਦਾ ਹੈ)।
ਦਿਲ ਦੀ ਅਨਿਯਮਤ ਧੜਕਣ ਦਾ ਕਾਰਨ ਕੀ ਹੁੰਦਾ ਹੈ?
ਇਹ ਇਹਨਾਂ ਕਰਕੇ ਹੋ ਸਕਦਾ ਹੈ:
- ਦਿਲ ਦੀਆਂ ਸਮੱਸਿਆਵਾਂ ਜਿਵੇਂ ਕਿ ਹਾਰਟ ਫੇਲ੍ਹ ਹੋਣਾ, ਐਂਜਾਈਨਾ, ਜਾਂ ਜਮਾਂਦਰੂ ਦਿਲ ਦੀ ਬਿਮਾਰੀ
- ਅਤੀਤ ਵਿੱਚ ਪਿਆ ਦਿਲ ਦਾ ਦੌਰਾ ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ
- ਲੰਬੇ ਕੋਵਿਡ ਕਰਕੇ ਦਿਲ ਦਾ ਫੜਕਣਾ ਜਾਂ ਦਿਲ ਦੀ ਅਨਿਯਮਤ ਧੜਕਣ (ਅਰਿਦਮੀਆ) ਹੋ ਸਕਦੀ ਹੈ
- ਸਟ੍ਰੋਕ ਤੁਹਾਡੇ ਦਿਲ ਦੀ ਤਾਲ ਵਿੱਚ ਤਬਦੀਲੀਆਂ ਦਾ ਕਾਰਨ ਬਣ ਸਕਦਾ ਹੈ
- ਬੇਚੈਨੀ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ
- ਦਵਾਈਆਂ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ
ਦਿਲ ਦੀ ਧੜਕਣ ਦੀ ਦਰ ਵਿੱਚ ਤਬਦੀਲੀਆਂ ਦਾ ਅਸਰ ਬਹੁਤ ਵੱਖਰਾ ਹੋ ਸਕਦਾ ਹੈ। ਕੁਝ ਲੋਕਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਉਹਨਾਂ ਦੇ ਦਿਲ ਦੀ ਧੜਕਣ ਵਿੱਚ ਕੋਈ ਗੜਬੜ ਹੈ, ਜਦੋਂ ਕਿ ਹੋਰਨਾਂ ਨੂੰ ਦਿਲ ਦੀ ਧੜਕਣ ਦੀ ਦਰ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਦਰਦ, ਬੇਅਰਾਮੀ, ਚੱਕਰ ਆਉਣੇ, ਸਾਹ ਚੜ੍ਹਨਾ, ਅਤੇ/ਜਾਂ ਬੇਚੈਨੀ ਹੋ ਸਕਦੇ ਹਨ।
ਦਿਲ ਦੀ ਸਧਾਰਨ ਧੜਕਣ
ਦਿਲ ਦੀ ਧੜਕਣ ਅਤੇ ਦਿਲ ਧੜਕਣ ਦੀ ਦਰ ਵਿੱਚ ਤਬਦੀਲੀਆਂ ਨੂੰ ਸਮਝਣ ਲਈ, ਤੁਹਾਨੂੰ ਪਹਿਲਾਂ ਇਹ ਜਾਣਨਾ ਹੋਵੇਗਾ ਕਿ ਸਧਾਰਨ ਕੀ ਹੁੰਦਾ ਹੈ।
ਜਦੋਂ ਵਿਅਕਤੀ ਅਰਾਮ ਦੀ ਸਥਿਤੀ ਵਿੱਚ ਹੁੰਦਾ ਹੈ, ਤਾਂ ਮਨੁੱਖੀ ਦਿਲ ਔਸਤਨ ਪ੍ਰਤੀ ਮਿੰਟ 60 ਤੋਂ 100 ਵਾਰ ਧੜਕਦਾ ਹੈ, (ਭਾਵ ਆਪਣੇ ਦਿਲ ਦੀ ਧੜਕਣ ਦੀ ਦਰ ਨੂੰ ਵਧਾਉਣ ਲਈ ਕੁਝ ਨਹੀਂ ਕਰ ਰਿਹਾ ਹੁੰਦਾ)। ਕਸਰਤ ਜਾਂ ਤਣਾਅ (ਜਿਵੇਂ ਕਿ ਡਰ ਜਾਂ ਬੇਚੈਨੀ) ਦਿਲ ਦੀ ਧੜਕਣ ਦੀ ਦਰ ਨੂੰ ਲਗਭਗ 150-170 ਧੜਕਣਾਂ ਪ੍ਰਤੀ ਮਿੰਟ ਤਕ ਵਧਾ ਸਕਦੇ ਹਨ।
ਤੁਹਾਡੇ ਦਿਲ ਦੀ ਧੜਕਣ ਦੋ ਪੜਾਵਾਂ ਵਿੱਚ ਆਉਂਦੀ ਹੈ। ਇਹ ਸਿਸਟੋਲਿਕ ਪੜਾਅ (ਜਦੋਂ ਦਿਲ ਖੂਨ ਨਾਲ ਭਰ ਰਿਹਾ ਹੁੰਦਾ ਹੈ) ਅਤੇ ਡਾਇਸਟੋਲਿਕ ਪੜਾਅ (ਜਦੋਂ ਦਿਲ ਸੁੰਗੜਦਾ ਹੈ, ਅਤੇ ਪੂਰੇ ਸਰੀਰ ਵਿੱਚ ਖੂਨ ਨੂੰ ਧੱਕਦਾ ਹੈ) ਹੁੰਦੇ ਹਨ।
ਆਮ ਸਥਿਤੀਆਂ ਵਿੱਚ, ਲੇਟੇ ਹੋਣ ਦੇ ਮੁਕਾਬਲੇ ਜਦੋਂ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਤੁਹਾਡੇ ਦਿਲ ਦੀ ਧੜਕਣ ਮੁਕਾਬਲਤਨ ਥੋੜ੍ਹੀ ਤੇਜ਼ ਹੁੰਦੀ ਹੈ, ਕਿਉਂਕਿ ਤੁਹਾਡੇ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ਤਕ ਪਹੁੰਚਣ ਲਈ ਖੂਨ ਨੂੰ ਵਧੇਰੇ ਦਬਾਅ ਹੇਠ ਹੋਣਾ ਪੈਂਦਾ ਹੈ।
ਦਿਲ ਦੀ ਤੇਜ਼ ਦਰ
ਅਸਧਾਰਨ ਰੂਪ ਵਿੱਚ ਦਿਲ ਦੀ ਧੜਕਣ ਦੀ ਵੱਧ ਦਰ (ਅਰਾਮ ਕਰਨ ਵੇਲੇ ਪ੍ਰਤੀ ਮਿੰਟ 100 ਤੋਂ ਵੱਧ ਧੜਕਣਾਂ) ਨੂੰ ਟੈਕੀਕਾਰਡੀਆ (tachycardia) (tacky-card-ee-ah) ਕਿਹਾ ਜਾਂਦਾ ਹੈ।
ਕਿਉਂਕਿ ਦਿਲ ਜ਼ਿਆਦਾ ਤੇਜ਼ ਧੜਕ ਰਿਹਾ ਹੁੰਦਾ ਹੈ, ਇਸ ਕੋਲ ਖੂਨ ਨਾਲ ਭਰਨ ਲਈ ਬਥੇਰਾ ਸਮਾਂ ਨਹੀਂ ਹੁੰਦਾ। ਨਤੀਜੇ ਵਜੋਂ, ਤੇਜ਼ ਧੜਕਣ ਵਾਲਾ ਦਿਲ ਅਸਲ ਵਿੱਚ ਖੂਨ ਨੂੰ ਘੱਟ ਕਾਰਗਰ ਤਰੀਕੇ ਨਾਲ ਲਿਜਾਉਂਦਾ ਹੈ। ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਜੇ ਤੁਹਾਡੇ ਦਿਲ ਦੀ ਧੜਕਣ ਦੀ ਦਰ ਲਗਾਤਾਰ ਤੇਜ਼ ਰਹਿੰਦੀ ਹੈ, ਤਾਂ ਤੁਹਾਡੇ ਸਰੀਰ ਦੇ ਹਿੱਸਿਆਂ ਨੂੰ ਖੂਨ ਦਾ ਲੋੜੀਂਦਾ ਵਹਾਅ ਅਤੇ ਖੂਨ ਰਾਹੀਂ ਮਿਲਣ ਵਾਲੇ ਆਕਸੀਜਨ ਅਤੇ ਪੌਸ਼ਕ ਤੱਤ ਪ੍ਰਾਪਤ ਕਰਨ ਲਈ ਜੱਦੋਜਹਿਦ ਕਰਨਾ ਪੈ ਸਕਦਾ ਹੈ। ਨਿਹਾਇਤ ਚਰਮ ਮਾਮਲਿਆਂ ਵਿੱਚ, ਤੁਹਾਨੂੰ ਸ਼ਾਇਦ ਚੱਕਰ ਆਉਣ, ਸਿਰ ਚਕਰਾਉਣ, ਜਾਂ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਵੇ, ਕਿਉਂਕਿ ਖੂਨ ਤੁਹਾਡੇ ਸਰੀਰ ਦੇ ਉੱਪਰਲੇ ਹਿੱਸਿਆਂ ਤਕ ਪਹੁੰਚਣ ਲਈ ਜੱਦੋਜਹਿਦ ਕਰਦਾ ਹੈ।
ਕਿਉਂਕਿ ਦਿਲ ਦੀ ਤੇਜ਼ ਧੜਕਣ ਤੁਹਾਡੇ ਸਰੀਰ ਦੀ ਤਣਾਅ ਪ੍ਰਤਿਕਿਰਿਆ ਦਾ ਇੱਕ ਕੁਦਰਤੀ ਹਿੱਸਾ ਹੁੰਦੀ ਹੈ, ਤੁਹਾਡਾ ਸਰੀਰ ਦਿਲ ਦੀ ਤੇਜ਼ ਧੜਕਣ ਨੂੰ ਇਸ ਸੰਕੇਤ ਦੇ ਰੂਪ ਵਿੱਚ ਵੀ ਸਮਝ ਸਕਦਾ ਹੈ ਕਿ ਕੁਝ ਗੜਬੜ ਹੈ। ਇਸ ਨਾਲ ਤੁਹਾਨੂੰ ਬੇਚੈਨੀ ਜਾਂ ਡਰ ਮਹਿਸੂਸ ਹੋ ਸਕਦਾ ਹੈ, ਭਾਵੇਂ ਕੋਈ ਸਪਸ਼ਟ ਕਾਰਨ ਨਾ ਵੀ ਹੋਵੇ।
ਦਿਲ ਦੀ ਤੇਜ਼ ਧੜਕਣ ਤੁਹਾਡੇ ਦਿਲ ਦੀਆਂ ਮਾਸਪੇਸ਼ੀਆਂ ਉੱਪਰ ਵਾਧੂ ਦਬਾਅ ਵੀ ਪਾਉਂਦੀ ਹੈ। ਇਹ ਦਿਲ ਦੀਆਂ ਪੇਚੀਦਗੀਆਂ ਜਿਵੇਂ ਕਿ ਐਂਜਾਈਨਾ, ਹਾਰਟ ਫੇਲ੍ਹ ਹੋਣ ਜਾਂ ਦਿਲ ਦਾ ਦੌਰਾ ਪੈਣ ਦੇ ਜੋਖਮ ਨੂੰ ਵਧਾ ਸਕਦੀ ਹੈ।
ਟੈਕੀਕਾਰਡੀਆ ਦਾ ਇਲਾਜ ਇਹਨਾਂ ਨਾਲ ਕੀਤਾ ਜਾ ਸਕਦਾ ਹੈ:
- ਕੋਈ ਵੀ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨਾ, ਜਿਵੇਂ ਕਿ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ, PoTS, ਜਾਂ ਫੇਫੜਿਆਂ ਦੀਆਂ ਸਮੱਸਿਆਵਾਂ।
- ਵੇਗਲ ਨਰਵ (vagal nerve) ਨੂੰ ਨਿਸ਼ਾਨਾ ਬਣਾਉਣਾ, ਇੱਕ ਵੱਡੀ ਨਸ ਜੋ ਦਿਲ ਦੀ ਧੜਕਣ ਨੂੰ ਨਿਯਮਤ ਕਰਨ ਵਿੱਚ ਮਦਦ ਕਰਦੀ ਹੈ।
- ਕੁਝ ਦਵਾਈਆਂ (ਸਿਰਫ਼ ਤਾਂ ਲਓ ਜੇ ਇਹ ਡਾਕਟਰ ਨੇ ਲਿਖ ਕੇ ਦਿੱਤੀਆਂ ਹੋਣ)
ਦਿਲ ਦੀ ਧੜਕਣ ਦੀ ਹੌਲੀ ਦਰ
ਦਿਲ ਦੀ ਧੜਕਣ ਦੀ ਹੌਲੀ ਦਰ (60 ਬੀਟਸ ਪ੍ਰਤੀ ਮਿੰਟ ਤੋਂ ਘੱਟ) ਨੂੰ ਬ੍ਰੇਡੀਕਾਰਡੀਆ (bradycardia) (bray-dee-car-dee-ah) ਕਿਹਾ ਜਾਂਦਾ ਹੈ। ਇਹ ਕੁਝ ਦਵਾਈਆਂ ਕਰਕੇ, ਜਾਂ ਫਿਰ ਸਿਕ ਸਾਈਨਸ ਸਿੰਡ੍ਰੋਮ (sick sinus syndrome) ਜਾਂ ਮਾਇਓਕਾਰਡਾਇਟਿਸ (myocarditis) ਵਰਗੀਆਂ ਦਿਲ ਦੀਆਂ ਸਮੱਸਿਆਵਾਂ ਕਰਕੇ ਹੋ ਸਕਦੀ ਹੈ।
ਦਿਲ ਦੀ ਹੌਲੀ ਧੜਕਣ ਦਾ ਮਤਲਬ ਹੈ ਕਿ ਸਰੀਰ ਵਿੱਚ ਖੂਨ ਦਾ ਸੰਚਾਰ ਘੱਟ ਹੁੰਦਾ ਹੈ। ਇਸ ਨਾਲ ਚੱਕਰ ਆਉਣ, ਛਾਤੀ ਵਿੱਚ ਦਰਦ, ਥਕੇਵੇਂ ਅਤੇ ਥਕਾਵਟ, ਸਾਹ ਚੜ੍ਹਨ, ਬੇਹੋਸ਼ੀ, ਅਤੇ ਉਲਝਣ ਜਾਂ ਯਾਦਦਾਸ਼ਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਦਿਲ ਦੀ ਹੌਲੀ ਧੜਕਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਵੀ ਪਤਾ ਲੱਗੇ ਕਿ ਉਹਨਾਂ ਦਾ ਮੂਡ ਠੀਕ ਨਹੀਂ ਰਹਿੰਦਾ ਹੇ ਜਾਂ ਉਹਨਾਂ ਨੂੰ ਸਪਸ਼ਟ ਰੂਪ ਵਿੱਚ ਸੋਚਣਾ ਔਖਾ ਲੱਗਦਾ ਹੈ।
ਬ੍ਰੇਡੀਕਾਰਡੀਆ ਦਾ ਇਲਾਜ ਇਹਨਾਂ ਨਾਲ ਕੀਤਾ ਜਾ ਸਕਦਾ ਹੈ:
- ਕੋਈ ਵੀ ਬੁਨਿਆਦੀ ਜਾਂ ਪਹਿਲਾਂ ਤੋਂ ਮੌਜੂਦ ਸਮੱਸਿਆਵਾਂ ਜਾਂ ਕਾਰਨਾਂ ਨੂੰ ਹੱਲ ਕਰਕੇ (ਉਦਾਹਰਣ ਲਈ ਜੇ ਤੁਹਾਡੀ ਦਵਾਈ ਕਰਕੇ ਤੁਹਾਡੇ ਦਿਲ ਦੀ ਧੜਕਣ ਹੌਲੀ ਹੋ ਜਾਂਦੀ ਹੈ ਤਾਂ ਇਸ ਨੂੰ ਬਦਲਣਾ)
- ਨਿਯਮਤ, ਧਿਆਨ ਨਾਲ ਕਸਰਤ ਅਤੇ ਚੰਗੀ ਖੁਰਾਕ
ਦਿਲ ਦਾ ਤੇਜ਼-ਤੇਜ਼ ਫੜਕਣਾ
ਦਿਲ ਤੇਜ਼-ਤੇਜ਼ ਉਦੋਂ ਫੜਕਦਾ ਹੈ ਜਦੋਂ ਤੁਹਾਡੇ ਦਿਲ ਦੀ ਧੜਕਣ ਧਿਆਨ ਖਿੱਚਣ ਯੋਗ ਹੋ ਜਾਂਦੀ ਹੈ। ਇਹ ਆਮ ਨਾਲੋਂ ਜ਼ਿਆਦਾ ਜ਼ੋਰ ਨਾਲ, ਜ਼ਿਆਦਾ ਤੇਜ਼, ਜਾਂ ਘੱਟ ਨਿਯਮਤ ਹੋ ਸਕਦੀ ਹੈ। ਤੁਹਾਨੂੰ ਆਪਣੀ ਛਾਤੀ ਵਿੱਚ ਫੜਫੜ, ਜ਼ੋਰ-ਜ਼ੋਰ ਨਾਲ ਧੜਕਣ, ਜਾਂ ਕੰਪਨ ਦੇ ਅਹਿਸਾਸ ਮਹਿਸੂਸ ਹੋ ਸਕਦੇ ਹਨ। ਕੁਝ ਸਥਿਤੀਆਂ ਵਿੱਚ, ਤੁਹਾਨੂੰ ਇਹ ਆਪਣੇ ਗਲੇ ਅਤੇ ਗਰਦਨ ਵਿੱਚ ਵੀ ਮਹਿਸੂਸ ਹੋ ਸਕਦੇ ਹਨ।
ਦਿਲ ਦਾ ਫੜਕਣਾ ਲੰਬੇ ਸਮੇਂ ਤਕ ਨਹੀਂ ਰਹਿੰਦਾ – ਆਮ ਤੌਰ ‘ਤੇ ਕੁਝ ਮਿੰਟਾਂ ਤੋਂ ਵੱਧ ਨਹੀਂ – ਅਤੇ ਆਮ ਤੌਰ ‘ਤੇ ਇਹ ਨੁਕਸਾਨ ਰਹਿਤ ਹੁੰਦਾ ਹੈ।
ਜ਼ਰੂਰੀ ਨਹੀਂ ਕਿ ਇਹਨਾਂ ਦਾ ਮਤਲਬ ਇਹੀ ਹੋਵੇ ਕਿ ਤੁਹਾਡੇ ਨਾਲ ਕੁਝ ਗੜਬੜ ਹੈ। ਤਣਾਅ ਜਾਂ ਚਿੰਤਾ ਕਰਕੇ; ਕੈਫ਼ੀਨ ਅਤੇ ਖੰਡ ਵਰਗੀਆਂ ਹੋਰ ਉਤੇਜਕ ਚੀਜ਼ਾਂ ਕਰਕੇ; ਜਾਂ ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਰਕੇ ਦਿਲ ਤੇਜ਼-ਤੇਜ਼ ਫੜਕ ਸਕਦਾ ਹੈ। ਇਹ ਡਰਾਉਣਾ ਹੋ ਸਕਦਾ ਹੈ, ਪਰ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ। ਜੇ ਤੁਹਾਡਾ ਦਿਲ ਤੇਜ਼-ਤੇਜ਼ ਫੜਕ ਰਿਹਾ ਹੈ, ਤਾਂ ਜਦੋਂ ਤਕ ਇਹ ਠੀਕ ਨਾ ਹੋ ਜਾਵੇ ਉਦੋਂ ਤਕ ਸ਼ਾਂਤ ਹੋ ਕੇ ਆਪਣੇ ਸਾਹ ‘ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਦਿਲ ਤੇਜ਼-ਤੇਜ਼ ਫੜਕ ਰਿਹਾ ਹੈ, ਪਰ ਇਹ ਕੋਈ ਐਮਰਜੈਂਸੀ ਨਹੀਂ ਹੈ ਤਾਂ ਤੁਹਾਨੂੰ ਕਿਸੇ ਡਾਕਟਰ ਜਾਂ ਹੋਰ ਸਿਹਤ ਪੇਸ਼ੇਵਰ ਨਾਲ ਗੱਲ ਕਰਨੀ ਚਾਹੀਦੀ ਹੈ।
ਹਾਲਾਂਕਿ ਦਿਲ ਦਾ ਤੇਜ਼-ਤੇਜ਼ ਫੜਕਣਾ ਆਮ ਤੌਰ ‘ਤੇ ਐਮਰਜੈਂਸੀ ਨਹੀਂ ਹੁੰਦਾ, ਪਰ ਜੇ ਤੁਹਾਡੇ ਦਿਲ ਦੇ ਤੇਜ਼ ਫੜਕਣ ਕਰਕੇ ਤੁਹਾਨੂੰ ਚੱਕਰ ਆ ਰਹੇ ਹਨ, ਸਾਹ ਚੜ੍ਹਦਾ ਹੈ, ਜਾਂ ਛਾਤੀ ਵਿੱਚ ਦਰਦ ਹੈ ਜੋ ਪੰਜ ਮਿੰਟਾਂ ਤੋਂ ਵੱਧ ਸਮੇਂ ਲਈ ਰਹਿੰਦਾ ਹੈ ਤਾਂ ਤੁਹਾਨੂੰ 999 ‘ਤੇ ਕਾਲ ਕਰਨੀ ਚਾਹੀਦੀ ਹੈ।
This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.