Skip to main content

ਇਡੀਓਪੈਥਿਕ ਪਲਮਨਰੀ ਫ਼ਾਈਬ੍ਰੋਸਿਸ

ਇਡੀਓਪੈਥਿਕ ਪਲਮਨਰੀ ਫ਼ਾਈਬ੍ਰੋਸਿਸ (Idiopathic Pulmonary Fibrosis – IPF) ਕੀ ਹੁੰਦਾ ਹੈ?

ਇਡੀਓਪੈਥਿਕ ਪਲਮੋਨਰੀ ਫ਼ਾਈਬ੍ਰੋਸਿਸ, ਜਿਸਨੂੰ ਅਕਸਰ ਸੰਖੇਪ ਵਿੱਚ IPF ਕਿਹਾ ਜਾਂਦਾ ਹੈ, ਦਾ ਮਤਲਬ ਫੇਫੜਿਆਂ ਉੱਪਰ ਦਾਗ ਪੈਣਾ ਜਾਂ ਇਹਨਾਂ ਦਾ ਸੰਘਣਾ ਹੋਣਾ ਹੁੰਦਾ ਹੈ, ਜਿਸਦਾ ਕੋਈ ਗਿਆਤ ਜਾਂ ਜਾਣਿਆ-ਪਛਾਣਿਆ ਕਾਰਨ ਨਹੀਂ ਹੈ।

Iਇਡੀਓਪੈਥਿਕ = ਅਗਿਆਤ ਕਾਰਨ
Pਪਲਮਨਰੀ = ਫੇਫੜਿਆਂ ਦਾ
Fਫ਼ਾਈਬ੍ਰੋਸਿਸ= ਟਿਸ਼ੂ ਦਾ ਸੰਘਣਾ ਹੋਣਾ ਜਾਂ ਇਸ ਉੱਪਰ ਦਾਗ ਪੈਣਾ

ਇਹ ਦਾਗ ਤੁਹਾਡੇ ਫੇਫੜਿਆਂ ਲਈ ਵਿਸਤਾਰ ਕਰਨਾ (ਫੈਲਣਾ) ਅਤੇ ਆਕਸੀਜਨ ਦਾ ਤੁਹਾਡੀਆਂ ਖੂਨ ਦੀਆਂ ਧਮਣੀਆਂ ਵਿੱਚ ਜਾਣਾ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ ਵਧੇਰੇ ਮੁਸ਼ਕਲ ਬਣਾਉਂਦਾ ਹੈ। ਇਸ ਦੇ ਨਤੀਜੇ ਵਜੋਂ ਸਾਹ ਚੜ੍ਹਨ ਅਤੇ ਥਕਾਵਟ ਵਰਗੇ ਲੱਛਣ ਹੁੰਦੇ ਹਨ।

ਮੰਨਿਆ ਜਾਂਦਾ ਹੈ ਕਿ ਟ੍ਰਿਗਰ ਕਰਨ ਵਾਲੇ ਕੁਝ ਕਾਰਕ ਨੁਕਸਾਨ ਅਤੇ ਸੋਜਸ਼ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਸਕਦੇ ਹਨ। ਇਹਨਾਂ ਵਿੱਚ ਤਮਾਕੂਨੋਸ਼ੀ, ਕੁਝ ਵਾਇਰਲ ਇਨਫ਼ੈਕਸ਼ਨ, ਦਿਲ ਵਿੱਚ ਜਲਨ ਅਤੇ IPF ਦਾ ਪਰਿਵਾਰਕ ਪਿਛੋਕੜ ਸ਼ਾਮਲ ਹਨ।

ਇਡੀਓਪੈਥਿਕ ਪਲਮਨਰੀ ਫ਼ਾਈਬ੍ਰੋਸਿਸ ਦੇ ਕੀ ਲੱਛਣ ਹੁੰਦੇ ਹਨ?

ਆਮ ਤੌਰ ‘ਤੇ, ਲੱਛਣ ਕਈ ਸਾਲਾਂ ਵਿੱਚ ਹੌਲੀ-ਹੌਲੀ ਵਿਕਸਤ ਹੁੰਦੇ ਹਨ। ਮੁੱਖ ਲੱਛਣ ਇਹ ਹਨ:

  • ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਣਾ
  • ਸੁੱਕੀ, ਤੰਗ ਕਰਨ ਵਾਲੀ ਖੰਘ
  • ਥਕਾਵਟ
  • ਭਾਰ ਵਿੱਚ ਕਮੀ
  • ਤੁਹਾਡੀਆਂ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਦੇ ਪੋਟਿਆਂ ਦਾ ਵੱਡੇ ਹੋਣਾ; ਇਸ ਨੂੰ ‘ਕਲੱਬਿੰਗ’ ਕਿਹਾ ਜਾਂਦਾ ਹੈ

IPF ਦੇ ਲੱਛਣ ਅਕਸਰ ਸਮੇਂ ਦੇ ਨਾਲ ਬਦਤਰ ਹੋ ਜਾਂਦੇ ਹਨ। ਹਰ ਵਿਅਕਤੀ ਵਿੱਚ ਇਹਨਾਂ ਲੱਛਣਾਂ ਦੇ ਵਿਗੜਨ ਦੀ ਦਰ ਵੱਖੋ-ਵੱਖਰੀ ਹੁੰਦੀ ਹੈ।

IPF ਵਾਲੇ ਕੁਝ ਲੋਕਾਂ ਦੇ ਲੱਛਣ ਲੰਬੇ ਚਿਰ ਤਕ ਸਥਿਰ ਰਹਿਣਗੇ ਅਤੇ ਉਹਨਾਂ ਦੀ ਹਾਲਤ ਵਿੱਚ ਬਹੁਤ ਥੋੜ੍ਹੀ ਗਿਰਾਵਟ ਆਉਂਦੀ ਹੈ। ਕਈਆਂ ਦੇ ਲੱਛਣਾਂ ਵਿੱਚ, ਹੋ ਸਕਦਾ ਹੈ ਕਿ ਤੇਜ਼ੀ ਨਾਲ ਗਿਰਾਵਟ ਅਤੇ ਵਿਗਾੜ ਆਵੇ।

IPF ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ?

ਜੇ ਤੁਹਾਡੇ ਜੀਪੀ ਨੂੰ ਸ਼ੱਕ ਹੈ ਕਿ ਤੁਹਾਨੂੰ ਸ਼ਾਇਦ IPF ਹੋ ਸਕਦਾ ਹੈ, ਤਾਂ ਤੁਹਾਨੂੰ ਆਮ ਤੌਰ ‘ਤੇ ਡਾਇਗਨੋਸਿਸ (ਰੋਗ ਦੀ ਪਛਾਣ) ਲਈ ਹਸਪਤਾਲ ਵਿੱਚ ਛਾਤੀ (ਸਾਹ ਸਬੰਧੀ) ਦੇ ਮਾਹਿਰ ਕੋਲ ਭੇਜਿਆ ਜਾਵੇਗਾ। ਤੁਹਾਨੂੰ ਹੇਠਾਂ ਦੱਸੀਆਂ ਗੱਲਾਂ ਬਾਰੇ ਪੁੱਛਿਆ ਜਾ ਸਕਦਾ ਹੈ:

  • ਤੁਹਾਡੇ ਲੱਛਣ – ਖਾਸ ਤੌਰ ‘ਤੇ, ਖੰਘ ਅਤੇ ਸਾਹ ਚੜ੍ਹਨਾ
  • ਪਿਛਲੀਆਂ ਅਤੇ ਮੌਜੂਦਾ ਨੌਕਰੀਆਂ
  • ਤੁਹਾਡੇ ਕਿਸੇ ਵੀ ਸ਼ੌਕ ਜਾਂ ਪਾਲਤੂ ਜਾਨਵਰਾਂ ਬਾਰੇ
  • ਕੀ ਤੁਸੀਂ ਅੱਜਕੱਲ੍ਹ ਤਮਾਕੂਨੋਸ਼ੀ ਕਰਦੇ ਹੋ, ਜਾਂ ਪਹਿਲਾਂ ਕਰਦੇ ਸੀ
  • ਕੀ ਤੁਹਾਡਾ ਛਾਤੀ ਦੀ ਬਿਮਾਰੀ ਸਬੰਧੀ ਕੋਈ ਪਰਿਵਾਰਕ ਪਿਛੋਕੜ ਹੈ
  • ਕੋਈ ਵੀ ਤਜਵੀਜ਼ ਕੀਤੀਆਂ ਜਾਂ ਓਵਰ-ਦਿ-ਕਾਊਂਟਰ ਦਵਾਈਆਂ ਜੋ ਤੁਸੀਂ ਲੈਂਦੇ ਹੋ
  • ਤੁਹਾਡੀ ਆਮ ਸਿਹਤ

ਜੇ ਡਾਕਟਰ ਨੂੰ ਸ਼ੱਕ ਹੈ ਕਿ ਤੁਹਾਨੂੰ IPF ਹੈ ਤਾਂ ਆਮ ਤੌਰ ‘ਤੇ ਤੁਹਾਡੇ ਕੁਝ ਟੈਸਟ ਅਤੇ ਜਾਂਚਾਂ ਹੋਣਗੀਆਂ। ਇਹਨਾਂ ਵਿੱਚ ਛਾਤੀ ਦੇ ਐਕਸ-ਰੇ, ਸਟੈਥੋਸਕੋਪ ਨਾਲ ਤੁਹਾਡੀ ਛਾਤੀ ਨੂੰ ਸੁਣਨਾ, ਫੇਫੜਿਆਂ ਦੇ ਕੰਮਕਾਜੀ ਸਬੰਧੀ ਟੈਸਟ (ਜਿਵੇਂ ਕਿ ਸਪਾਇਰੋਮੀਟ੍ਰੀ ਅਤੇ ਗੈਸ ਟ੍ਰਾਂਸਫ਼ਰ ਟੈਸਟ), CT ਸਕੈਨ, ਈਕੋਕਾਰਡੀਓਗ੍ਰਾਮ ਜਾਂ ਖੂਨ ਅਤੇ ਪਿਸ਼ਾਬ ਦੇ ਟੈਸਟ ਸ਼ਾਮਲ ਹੋ ਸਕਦੇ ਹਨ ਤਾਂ ਜੋ ਹੋਰਨਾਂ ਬਿਮਾਰੀਆਂ ਦੀ ਸੰਭਾਵਨਾ ਨੂੰ ਨਕਾਰਿਆ ਜਾ ਸਕੇ।

ਅਕਸਰ ਤੁਹਾਡੇ ਲੱਛਣਾਂ, ਪਿਛੋਕੜ ਅਤੇ ਇਹਨਾਂ ਟੈਸਟਾਂ ਅਤੇ ਜਾਂਚਾਂ ਦੇ ਨਤੀਜਿਆਂ ਤੋਂ IPF ਦਾ ਪਤਾ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਕਈ ਵਾਰ, ਡਾਇਗਨੋਸਿਸ ਦੀ ਪੁਸ਼ਟੀ ਕਰਨ ਲਈ ਸ਼ਾਇਦ ਹੋਰ ਜ਼ਿਆਦਾ ਟੈਸਟਾਂ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ।

ਤੁਸੀਂ IPF ਦਾ ਇਲਾਜ ਅਤੇ ਪ੍ਰਬੰਧਨ ਕਿਵੇਂ ਕਰਦੇ ਹੋ?

IPF ਇੱਕ ਪੁਰਾਣੀ ਸਮੱਸਿਆ ਹੈ, ਜੋ ਆਮ ਤੌਰ ‘ਤੇ ਸਮੇਂ ਦੇ ਨਾਲ ਵਿਗੜਦੀ ਜਾਂਦੀ ਹੈ। ਵਰਤਮਾਨ ਵਿੱਚ IPF ਦਾ ਕੋਈ ਇਲਾਜ ਨਹੀਂ ਹੈ। ਹਾਲਾਂਕਿ, ਸਮੱਸਿਆ ਨਾਲ ਨਜਿੱਠਣ ਦੇ ਵੱਖ-ਵੱਖ ਤਰੀਕੇ ਹਨ ਜੋ ਤੁਹਾਡੇ IPF ਨੂੰ ਕਾਬੂ ਹੇਠ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਆਪਣੇ ਲੱਛਣਾਂ ਨੂੰ ਕਾਬੂ ਕਰਕੇ, ਤੁਸੀਂ ਆਪਣੇ ਜੀਵਨ ਦੀ ਕੁਆਲਿਟੀ ਨੂੰ ਸੁਧਾਰ ਸਕਦੇ ਹੋ ਅਤੇ ਬਿਮਾਰੀ ਦੇ ਅੱਗੇ ਵਧਣ ਨੂੰ ਹੌਲੀ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਵਧੇਰੇ ਲੰਬੇ ਸਮੇਂ ਤਕ ਆਪਣਾ ਭਰਪੂਰ ਜੀਵਨ ਜਿਉਣ ਵਿੱਚ ਮਦਦ ਮਿਲਦੀ ਹੈ।

ਤੁਹਾਨੂੰ ਮਿਲਣ ਵਾਲਾ ਇਲਾਜ ਤੁਹਾਡੀ ਬਿਮਾਰੀ ਦੀ ਗੰਭੀਰਤਾ, ਇਹ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਅਤੇ ਤੁਹਾਡੀਆਂ ਨਿੱਜੀ ਤਰਜੀਹਾਂ ‘ਤੇ ਨਿਰਭਰ ਕਰੇਗਾ। ਇੱਕ ਬਹੁ-ਅਨੁਸ਼ਾਸਨੀ ਟੀਮ ਤੁਹਾਡੇ ਇਲਾਜ ਦੀ ਇੰਚਾਰਜ ਹੋਵੇਗੀ। ਇਸ ਵਿੱਚ ਸਾਹ ਸਬੰਧੀ ਡਾਕਟਰ, ਨਰਸਾਂ, ਰੇਡੀਓਲੌਜਿਸਟ ਅਤੇ ਫ਼ਿਜ਼ੀਓਥੈਰੇਪਿਸਟ ਸ਼ਾਮਲ ਹੋਣਗੇ। ਤੁਹਾਡੀ ਸਮੱਸਿਆ ਦੀ ਨਿਗਰਾਨੀ ਕਰਨ ਵਿੱਚ ਮਦਦ ਲਈ ਤੁਹਾਨੂੰ ਨਿਯਮਤ ਜਾਂਚਾਂ ਅਤੇ ਟੈਸਟਾਂ ਦੀ ਲੋੜ ਪਵੇਗੀ।

ਤੁਹਾਨੂੰ ਜੋ ਵੀ ਇਲਾਜ ਮਿਲੇਗਾ, ਉਸ ਦੇ ਨਾਲ-ਨਾਲ ਤੁਸੀਂ ਆਪਣੇ ਆਪ ਨੂੰ ਸਿਹਤਮੰਦ, ਚੁਸਤ-ਫੁਰਤ ਅਤੇ ਜਿੰਨਾ ਹੋ ਸਕੇ ਆਸ਼ਾਵਾਦੀ ਰੱਖਣ ਲਈ ਬਹੁਤ ਕੁਝ ਕਰ ਸਕਦੇ ਹੋ। ਤੁਹਾਡੇ IPF ਨਾਲ ਨਜਿੱਠਣ ਦੇ ਕੁਝ ਤਰੀਕਿਆਂ ਵਿੱਚ ਇਹ ਸ਼ਾਮਲ ਹਨ:

  • ਆਕਸੀਜਨ ਥੈਰੇਪੀ
  • ਪਲਮਨਰੀ ਰੀਹੈਬਿਲਿਟੇਸ਼ਨ
  • ਬਿਮਾਰੀ ਦੇ ਅੱਗੇ ਵਾਧੇ ਨੂੰ ਹੌਲੀ ਕਰਨ ਲਈ ਦਵਾਈ
  • ਤਮਾਕੂਨੋਸ਼ੀ ਬੰਦ ਕਰਨਾ
  • ਚੁਸਤ-ਫੁਰਤ ਰਹਿਣਾ ਅਤੇ ਇੱਕ ਸਿਹਤਮੰਦ ਖੁਰਾਕ ਖਾਣਾ

IPF ਦੇ ਪਤਾ ਲੱਗਣ ਤੋਂ ਬਾਅਦ ਜੀਵਨ

IPF ਦਾ ਪਤਾ ਲੱਗਣਾ ਜੀਵਨ ਨੂੰ ਬਦਲ ਦੇਣ ਵਾਲਾ ਹੁੰਦਾ ਹੈ ਪਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਖੁਦ ਨੂੰ ਸਹਾਰਾ ਦੇਣ ਅਤੇ ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਕਰ ਸਕਦੇ ਹੋ। ਸੰਤੁਲਤ ਖੁਰਾਕ ਖਾਓ, ਹਾਈਡ੍ਰੇਟਿਡ ਰਹੋ ਅਤੇ ਆਪਣੀ ਕਾਬਲੀਅਤ ਦੇ ਅੰਦਰ ਰਹਿ ਕੇ ਚੁਸਤ-ਫੁਰਤ ਰਹੋ। ਯਾਦ ਰੱਖੋ ਕਿ ਤੁਹਾਡੇ ਆਲੇ-ਦੁਆਲੇ ਦੇ ਲੋਕ ਮਦਦ ਕਰਨੀ ਚਾਹੁੰਦੇ ਹਨ ਅਤੇ ਜੇ ਤੁਹਾਨੂੰ ਕਦੇ ਵੀ ਮਦਦ ਦੀ ਲੋੜ ਪਵੇ, ਤਾਂ ਉਹਨਾਂ ਨੂੰ ਜ਼ਰੂਰ ਕਹੋ।

ਅਜਿਹੇ ਲੋਕਾਂ ਨੂੰ ਮਿਲਣ ਤੋਂ ਪਰਹੇਜ਼ ਕਰਨ ਦੀ ਕੋਸ਼ਿਸ਼ ਕਰੋ ਜਿਹਨਾਂ ਨੂੰ ਜ਼ੁਕਾਮ ਅਤੇ ਛਾਤੀ ਦੇ ਇਨਫ਼ੈਕਸ਼ਨ ਹਨ ਅਤੇ ਇਹ ਪੱਕਾ ਕਰੋ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਜੇ ਤੁਹਾਡੇ ਲੱਛਣ ਭੜਕਦੇ ਹਨ ਤਾਂ ਕੀ ਕਰਨਾ ਹੈ। ਹੋ ਸਕਦਾ ਹੈ ਕਿ ਸਮੇਂ-ਸਮੇਂ ‘ਤੇ ਤੁਹਾਡੇ IPF ਦੇ ਲੱਛਣ ਭੜਕ ਜਾਣ (ਜਾਂ ਤੀਬਰ ਹੋ ਜਾਣ) ਅਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਫੇਫੜਿਆਂ ਦੇ ਅੱਗੇ ਹੋਰ ਨੁਕਸਾਨ ਨੂੰ ਘਟਾਉਣ ਲਈ ਜਿੰਨੀ ਜਲਦੀ ਹੋ ਸਕੇ ਇਲਾਜ ਪ੍ਰਾਪਤ ਕਰੋ।

ਜੇ ਤੁਹਾਨੂੰ ਇਹਨਾਂ ਵਿੱਚ ਕੋਈ ਵਾਧਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਆਪਣੀ ਸਪੈਸ਼ਲਿਸਟ ਟੀਮ ਨਾਲ ਸੰਪਰਕ ਕਰੋ:

  • ਤੁਸੀਂ ਸਾਹ ਲੈਣ ਵਿੱਚ ਕਿੰਨੀ ਤਕਲੀਫ਼ ਹੁੰਦੀ ਹੈ
  • ਤੁਸੀਂ ਕਿੰਨੀ ਵਾਰ ਖੰਘਦੇ ਹੋ
  • ਤੁਹਾਡੇ ਕਿੰਨਾ ਬਲਗਮ (ਥੁੱਕ) ਬਣਦਾ ਹੈ

ਤੁਸੀਂ ਅਜੇ ਵੀ ਜੀਵਨ ਦਾ ਬਹੁਤ ਸਾਰਾ ਅਨੰਦ ਮਾਣ ਸਕਦੇ ਹੋ – ਅਤੇ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ। ਜੇ ਤੁਹਾਨੂੰ ਸਹਿਯੋਗੀ ਗਰੁੱਪਾਂ, IPF ਪ੍ਰਬੰਧਨ ਬਾਰੇ ਜਾਣਕਾਰੀ ਜਾਂ ਇੱਥੋਂ ਤਕ ਕਿ ਸਿਰਫ਼ ਤੁਹਾਡੀ ਗੱਲ ਸੁਣਨ ਵਿੱਚ ਸਿਖਲਾਈ ਪ੍ਰਾਪਤ ਕਿਸੇ ਵਿਅਕਤੀ ਦੀ ਲੋੜ ਹੈ ਤਾਂ ਸਾਡੀ ਐਡਵਾਈਸ ਲਾਈਨ ਨੂੰ ਫ਼੍ਰੀਫ਼ੋਨ 0808 801 0899 ‘ਤੇ ਕਾਲ ਕਰੋ ਜਾਂ 66777 ‘ਤੇ NURSE ਟੈਕਸਟ ਭੇਜੋ। ਅਸੀਂ ਤੰਦਰੁਸਤ ਰਹਿਣ ਅਤੇ ਤੁਹਾਡੇ ਭਵਿੱਖ ਨੂੰ ਦੁਬਾਰਾ ਬਣਾਉਣ ਵਿੱਚ ਤੁਹਾਡੀ ਮਦਦ ਲਈ ਇੱਥੇ ਮੌਜੂਦ ਹਾਂ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਛਾਤੀ ਦੀਆਂ ਅੱਗੇ ਹੋਰ ਸਮੱਸਿਆਵਾਂ ਹੋਣ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਛਾਤੀ ਦੀ ਸਮੱਸਿਆ ਨਾਲ ਜੀਵਨ ਜਿਉਣਾ (Living with a Chest Condition) ਸੈਕਸ਼ਨ ‘ਤੇ ਜਾਓ।

This page was last updated on November 29, 2023 and is under regular review. If you feel anything is missing or incorrect, please contact [email protected] to provide feedback.

Share this page
  • Was this helpful ?
  • YesNo