Skip to main content

ਦਮਾ

ਦਮਾ ਕੀ ਹੁੰਦਾ ਹੈ?

ਦਮਾ ਇੱਕ ਲੰਬੇ ਸਮੇਂ ਦੀ ਸਮੱਸਿਆ ਹੈ ਜੋ ਫੇਫੜਿਆਂ ਨੂੰ ਪ੍ਰਭਾਵਤ ਕਰਦੀ ਹੈ। ਅਕਸਰ ਬਚਪਨ ਵਿੱਚ ਸ਼ੁਰੂ ਹੋਣ ਵਾਲੇ ਦਮੇ ਕਰਕੇ, ਫੇਫੜਿਆਂ ਦੇ ਅੰਦਰ ਅਤੇ ਬਾਹਰ ਹਵਾ ਲੈ ਜਾਣ ਵਾਲੀਆਂ ਛੋਟੀਆਂ-ਛੋਟੀਆਂ ਨਲੀਆਂ ਵਿੱਚ ਸੋਜਸ਼ ਹੋ ਜਾਂਦੀ ਹੈ ਅਤੇ ਇਹ ਤੰਗ ਹੋ ਜਾਂਦੀਆਂ ਹਨ, ਜਿਸ ਕਰਕੇ ਖੰਘ ਆਉਂਦੀ ਹੈ ਅਤੇ ਸਾਹ ਚੜ੍ਹਦਾ ਹੈ।

ਦਮਾ ਬਹੁਤ ਹੀ ਆਮ ਹੈ, ਇਹ ਸਕਾਟਲੈਂਡ ਵਿੱਚ ਹਰ 10 ਵਿੱਚੋਂ 2 ਲੋਕਾਂ ਨੂੰ ਪ੍ਰਭਾਵਤ ਕਰਦਾ ਹੈ। ਯੂਕੇ ਵਿੱਚ 5 ਮਿਲੀਅਨ ਤੋਂ ਵੱਧ ਲੋਕਾਂ ਨੂੰ ਦਮੇ ਦੇ ਇਲਾਜ ਦੀ ਲੋੜ ਹੁੰਦੀ ਹੈ।

ਦਮੇ ਦਾ ਕੋਈ ਇਲਾਜ ਨਹੀਂ ਹੈ ਅਤੇ ਇਸ ਦਾ ਕਾਰਨ ਹਮੇਸ਼ਾ ਸਪਸ਼ਟ ਨਹੀਂ ਹੁੰਦਾ। ਹਾਲਾਂਕਿ, ਤੁਹਾਡੇ ਲੱਛਣਾਂ ‘ਤੇ ਇਲਾਜ ਨਾਲ ਅਤੇ ਇਸ ਨੂੰ ਵਿਗਾੜਨ ਵਾਲੇ ਟ੍ਰਿੱਗਰਾਂ (ਭੜਕਾਉਣ ਵਾਲੇ ਕਾਰਕਾਂ) ਤੋਂ ਪਰਹੇਜ਼ ਕਰ ਕੇ ਕਾਬੂ ਪਾਇਆ ਜਾ ਸਕਦਾ ਹੈ।

ਦਮੇ ਦੇ ਆਮ ਲੱਛਣ

ਜੇ ਤੁਹਾਨੂੰ ਦਮਾ ਹੈ, ਤਾਂ ਤੁਹਾਨੂੰ ਇਹਨਾਂ ਵਿੱਚੋਂ ਇੱਕ ਜਾਂ ਵੱਧ ਲੱਛਣ ਹੋ ਸਕਦੇ ਹਨ:

  • ਸਾਹ ਲੈਣ ਵਿੱਚ ਮੁਸ਼ਕਲ
  • ਖੰਘ ਆਉਣਾ
  • ਸਾਹ ਵਿੱਚ ਘਰੜ-ਘਰੜ ਹੋਣਾ
  • ਛਾਤੀ ਵਿੱਚ ਜਕੜਨ

ਇਹ ਲੱਛਣ ਆਮ ਤੌਰ ‘ਤੇ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਦਿਨ ਭਰ ਵਿੱਚ ਬਦਲ ਸਕਦੇ ਹਨ। ਇਹ ਅਰਾਮ ਕਰਦੇ ਸਮੇਂ ਜਾਂ ਗਤੀਵਿਧੀਆਂ ਕਰਦੇ ਸਮੇਂ ਹੋ ਸਕਦੇ ਹਨ ਅਤੇ ਰਾਤ ਨੂੰ ਇਹ ਕਈ ਵਾਰੀ ਵਿਗੜ ਜਾਂਦੇ ਹਨ। ਜੇ ਤੁਹਾਨੂੰ ਇਹ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਆਪਣੇ ਡਾਕਟਰ ਨੂੰ ਮਿਲਣ ਲਈ ਅਪੌਇੰਟਮੈਂਟ ਲਓ।

ਦਮਾ ਇੱਕ ਬਹੁਤ ਹੀ ਸੰਭਾਲੇ ਜਾਣ ਯੋਗ ਸਥਿਤੀ ਹੈ। ਇਸ ਦਾ ਇਲਾਜ ਆਮ ਤੌਰ ‘ਤੇ ਰਿਲੀਵਰ (ਰਾਹਤ ਦੇਣ ਵਾਲੇ) ਅਤੇ ਪ੍ਰੀਵੈਂਟਰ (ਰੋਕਥਾਮ ਕਰਨ ਵਾਲੇ) ਇਨਹੇਲਰਾਂ ਦੋਵਾਂ ਨਾਲ ਕੀਤਾ ਜਾਂਦਾ ਹੈ, ਹਾਲਾਂਕਿ ਕੁਝ ਲੋਕਾਂ ਨੂੰ ਗੋਲੀਆਂ ਵੀ ਲਿਖ ਕੇ ਦਿੱਤੀਆਂ ਜਾਂਦੀਆਂ ਹਨ।

ਦਮੇ ਦਾ ਇਲਾਜ

ਦਮੇ ਦਾ ਸਭ ਤੋਂ ਆਮ ਇਲਾਜ ਇਨਹੇਲਰ ਹਨ:

  • ਰਿਲੀਵਰ ਇਨਹੇਲਰ – ਇਹ ਪ੍ਰਤੀਕਿਰਿਆਸ਼ੀਲ ਇਨਹੇਲਰ ਹੁੰਦੇ ਹਨ ਜਿਹਨਾਂ ਨੂੰ ਲੱਛਣ ਹੋਣ ‘ਤੇ ਵਰਤਿਆ ਜਾਂਦਾ ਹੈ ਅਤੇ ਇਹਨਾਂ ਨਾਲ ਪੰਜ ਮਿੰਟਾਂ ਦੇ ਅੰਦਰ ਲੱਛਣਾਂ ਤੋਂ ਰਾਹਤ ਮਿਲ ਜਾਂਦੀ ਹੈ। ਜੇ ਤੁਹਾਨੂੰ ਇਸ ਨੂੰ ਹਫ਼ਤੇ ਵਿੱਚ ਤਿੰਨ ਤੋਂ ਵੱਧ ਵਾਰ ਵਰਤਣ ਦੀ ਲੋੜ ਪਵੇ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।
  • ਪ੍ਰੀਵੈਂਟਰ ਇਨਹੇਲਰ – ਇਹਨਾਂ ਦੀ ਵਰਤੋਂ ਹਵਾ ਮਾਰਗਾਂ ਦੀ ਸੋਜਸ਼ ਅਤੇ ਸੰਵੇਦਨਸ਼ੀਲਤਾ ਨੂੰ ਘਟਾਉਣ ਲਈ ਰੋਜ਼ਾਨਾ ਕੀਤੀ ਜਾਂਦੀ ਹੈ। ਪ੍ਰੀਵੈਂਟਰ ਇਨਹੇਲਰਾਂ ਵਿੱਚ ਸਟੀਰੌਇਡ ਦਵਾਈ ਹੁੰਦੀ ਹੈ ਅਤੇ ਜੇ ਤੁਸੀਂ ਆਪਣੇ ਰਿਲੀਵਰ ਇਨਹੇਲਰ ਦੀ ਵਰਤੋਂ ਅਕਸਰ ਕਰ ਰਹੇ ਹੋ, ਤਾਂ ਤੁਹਾਨੂੰ ਪ੍ਰੀਵੈਂਟਰ ਇਨਹੇਲਰ ਦੀ ਸਿਫ਼ਾਰਸ਼ ਕੀਤੀ ਜਾਵੇਗੀ।
  • ਕੰਬਿਨੇਸ਼ਨ ਇਨਹੇਲਰ – ਇਹਨਾਂ ਦੀ ਸਿਫ਼ਾਰਸ਼ ਉਦੋਂ ਕੀਤੀ ਜਾਂਦੀ ਹੈ ਜਦੋਂ ਦਮਾ ਕਿਸੇ ਰਿਲੀਵਰ ਇਨਹੇਲਰ ਜਾਂ ਪ੍ਰੀਵੈਂਟਰ ਇਨਹੇਲਰ ਦੁਆਰਾ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੁੰਦਾ ਹੈ। ਇਹਨਾਂ ਦੀ ਰੋਜ਼ਾਨਾ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਲੰਬੇ ਸਮੇਂ ਤਕ ਚੱਲਣ ਵਾਲੀ ਰਾਹਤ ਪ੍ਰਦਾਨ ਕਰਦੇ ਹਨ। ਜਦੋਂ ਤੁਹਾਨੂੰ ਇਸ ਕਿਸਮ ਦੇ ਇਨਹੇਲਰ ਦੀ ਸਿਫ਼ਾਰਸ਼ ਕੀਤੀ ਗਈ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਦਮੇ ਵਿੱਚ ਸੁਧਾਰ ਲਈ ਰੋਜ਼ ਇਸ ਦੀ ਵਰਤੋਂ ਕਰੋ।

ਹੋਰ ਇਲਾਜਾਂ ਵਿੱਚ ਗੋਲੀਆਂ, ਟੀਕੇ ਅਤੇ, ਵਿਰਲੇ ਮਾਮਲਿਆਂ ਵਿੱਚ, ਸਰਜਰੀ ਸ਼ਾਮਲ ਹਨ। ਜੇ ਤੁਹਾਡਾ ਦਮੇ ਨਾਲ ਡਾਇਗਨੋਜ਼ (ਰੋਗ ਦੀ ਪਛਾਣ) ਕੀਤਾ ਜਾਂਦਾ ਹੈ, ਤਾਂ ਤੁਹਾਡਾ ਡਾਕਟਰ ਤੁਹਾਡੇ ਲਈ ਸੰਭਾਵੀ ਇਲਾਜਾਂ ਬਾਰੇ ਚਰਚਾ ਕਰੇਗਾ।

ਦਮੇ ਦੇ ਪਤਾ ਲੱਗਣ ਨਾਲ ਚੰਗੀ ਤਰ੍ਹਾਂ ਜੀਵਨ ਜਿਉਣਾ

ਰੋਗ ਦੀ ਪਛਾਣ ਅਤੇ ਇਲਾਜ ਕੀਤੇ ਜਾਣ ਤੋਂ ਬਾਅਦ, ਜ਼ਿਆਦਾਤਰ ਲੋਕ ਬਹੁਤ ਬਿਹਤਰ ਮਹਿਸੂਸ ਕਰਦੇ ਹਨ, ਪਰ ਹੋ ਸਕਦਾ ਹੈ ਕਿ ਤੁਸੀਂ ਆਪਣੇ ਇਲਾਜ ਵਿੱਚ ਸਹਿਯੋਗ ਲਈ ਹੋਰ ਤਰੀਕੇ ਲੱਭ ਰਹੇ ਹੋਵੋ। ਯਕੀਨੀ ਬਣਾਓ ਕਿ ਤੁਸੀਂ ਆਪਣੀ ਨਿਰਧਾਰਤ ਕੀਤੀ ਦਵਾਈ ਨੂੰ ਨਿਰਦੇਸ਼ਾਂ ਅਨੁਸਾਰ ਲੈਂਦੇ ਹੋ, ਸਿਹਤਮੰਦ ਖਾਂਦੇ ਹੋ ਅਤੇ ਹਾਈਡ੍ਰੇਟਿਡ ਰਹਿੰਦੇ ਹੋ।

ਦਮੇ ਦੇ ਪੀੜਤਾਂ ਲਈ ਕਸਰਤ ਕਰਨਾ ਕਈ ਵਾਰ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਤੁਹਾਡਾ ਡਾਕਟਰ ਤੁਹਾਡੇ ਲਈ ਢੁਕਵੀਂ ਕਸਰਤ ਬਾਰੇ ਸਲਾਹ ਦੇਵੇਗਾ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਛਾਤੀ ਦੀਆਂ ਅੱਗੇ ਹੋਰ ਸਮੱਸਿਆਵਾਂ ਹੋਣ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਛਾਤੀ ਦੀ ਸਮੱਸਿਆ ਨਾਲ ਜੀਵਨ ਜਿਉਣਾ (Living with a Chest Condition) ਸੈਕਸ਼ਨ ‘ਤੇ ਜਾਓ।

This page was last updated on November 29, 2023 and is under regular review. If you feel anything is missing or incorrect, please contact [email protected] to provide feedback.

Share this page
  • Was this helpful ?
  • YesNo